Gee 98News

ਤਿੰਨ ਦਿਨ ਬੰਦ ਰਹੇਗੀ ਰੋਡਵੇਜ਼ ਦੀ ਲਾਰੀ.. ਕੱਚੇ ਕਾਮਿਆਂ ਵੱਲੋਂ ਹੜਤਾਲ ਦੀ ਤਿਆਰੀ

ਬਰਨਾਲਾ, 03 ਜੂਨ (ਨਿਰਮਲ ਸਿੰਘ ਪੰਡੋਰੀ ) :-

ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ 8 ਤੋਂ 10 ਜੂਨ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ ਦੇ ਕੱਚੇ ਕਾਮੇ ਆਪਣੀ ਨੌਕਰੀ ਪੱਕੀ ਕਰਨ ਸਬੰਧੀ, ਬਰਾਬਰ ਕੰਮ ਬਰਾਬਰ ਤਨਖਾਹ, ਨੌਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨਾ, ਟਿਕਟ ਦੀ ਜ਼ਿੰਮੇਵਾਰੀ ਸਵਾਰੀ ਦੀ ਕਰਨੀ, ਟਾਈਮ ਟੇਬਲ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਹੱਕ ’ਚ ਬਣਾਉਣ, ਕੱਚੇ ਕਾਮਿਆਂ ਦਾ ਸਰਵਿਸ ਰੂਲ ਬਣਾਉਣ ਅਤੇ ਪ੍ਰਮੋਸ਼ਨ ਦੇਣ ਸਮੇਤ ਸਰਕਾਰੀ ਬੱਸਾਂ ਦੀ ਗਿਣਤੀ ਵਧਾਉਣ ਵਰਗੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਦੇ ਕਾਰਨ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ, ਪਰੰਤੂ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ। ਉਨਾਂ ਕਿਹਾ ਕਿ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਵੱਡੀ ਕੁਰੱਪਸ਼ਨ ਦੀ ਜੜ ਹਨ। ਮੁਲਾਜ਼ਮਾਂ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਾਈਵੇਟ ਬੱਸਾਂ ਨੂੰ ਟਾਈਮ ਟੇਬਲ ਵਿੱਚ ਵੱਧ ਸਮਾਂ ਦਿੱਤਾ ਜਾ ਰਿਹਾ ਹੈ ਅਤੇ ਸਰਕਾਰੀ ਬੱਸਾਂ ਨੂੰ ਖੁੱਡੇ ਲਾਈਨ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਈ ਵਾਰ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਮਿਲਕੇ ਇਸ ਮਾਮਲੇ ਸਬੰਧੀ ਗੱਲ ਕੀਤੀ, ਪਰੰਤੂ ਹਰ ਵਾਰ ਲਾਰੇ ਹੀ ਲਗਾਏ ਜਾਂਦੇ ਹਨ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਕਰਵਾਈ ਜਾ ਰਹੀ। ਜਿਸ ਕਰਕੇ 8 ਜੂਨ ਤੋਂ 10 ਜੂਨ ਤੱਕ ਸਰਕਾਰੀ ਲਾਰੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ, 9 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ।

error: Content is protected !!