Gee 98News

ਸੰਗਰੂਰ ਜ਼ਿਮਨੀ ਚੋਣ.. ਮੇਰੇ ਜੇਠ ਦੀਆਂ ਦਸਤਾਰਾਂ ਦੇ ਨਿੱਤ ਰੰਗ ਬਦਲਦੇ..!

ਬਰਨਾਲਾ,10 ਜੂਨ (ਨਿਰਮਲ ਸਿੰਘ ਪੰਡੋਰੀ) :

ਚੋਣਾਂ ਲੋਕ ਸਭਾ ਦੀਆਂ ਹੋਣ, ਵਿਧਾਨ ਸਭਾ ਦੀਆਂ ਹੋਣ ਜਾਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਹੋਣ, ਇਨਾਂ ਚੋਣਾਂ ਵਿੱਚ ਉਂਝ ਤਾਂ ਭਾਵੇਂ ਬਹੁਤ ਸਾਰਾ ਵੱਖਰਾਪਣ ਹੈ ਪ੍ਰੰਤੂ ਇੱਕ ਗੱਲ ਅਜਿਹੀ ਹੈ ਜੋ ਇਨਾਂ ਸਾਰੀਆਂ ਚੋਣਾਂ ਵਿੱਚ ਸਾਂਝੀ ਹੈ। ਉਹ ਸਾਂਝੀ ਗੱਲ ਇਹ ਹੈ ਕਿ ਇਨਾਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਪਲੇਟ ਫਾਰਮ ’ਤੇ ਕੰਮ ਕਰਕੇ ਸਿਆਸਤ ਦਾ ਸੁਆਦ ਮਾਨਣ ਵਾਲੇ ‘ਦਲ ਬਦਲੂ’ ਬਰਸਾਤੀ ਡੱਡੂਆਂ ਵਾਂਗ ਇੱਧਰੋ-ਉੱਧਰ ਟਪੂਸੀਆਂ ਮਾਰਦੇ ਹਨ। ਕਦੇ-ਕਦੇ ਤਾਂ ‘‘ਤਾਏ ਦੀ ਧੀ ਚੱਲੀ-ਮੈਂ ਕਿਉਂ ਰਹਾਂ ਕੱਲੀ’’ ਵਾਂਗ ਇਨਾਂ ਬਰਸਾਤੀ ਡੱਡੂਆਂ ਦੀ ਰਫ਼ਤਾਰ ਐਨੀ ਕੁ ਤੇਜ਼ ਹੋ ਜਾਂਦੀ ਹੈ ਕਿ ਇਹ ਸਵੇਰੇ ਸਿਆਸੀ ਟਪੂਸੀ ਮਾਰਦੇ ਹਨ, ਦੁਪਿਹਰ ਵੇਲੇ ਵਾਪਸ ਮੁੜ ਆਉਦੇ ਹਨ ਅਤੇ ਹੱਦ ਤਾਂ ਉਦੋ ਹੁੰਦੀ ਹੈ ਜਦ ਰਾਤ ਹੁੰਦੇ-ਹੁੰਦੇ ਇਹ ਬਰਸਾਤੀ ਡੱਡੂ ਵੱਡੀ ਟਪੂਸੀ ਮਾਰ ਜਾਂਦੇ ਹਨ। ਅੱਜਕੱਲ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਇਹ ਵਰਤਾਰਾ ਆਮ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਬਰਨਾਲਾ ਜ਼ਿਲੇ ’ਚ ਬਾਕੀ ਹਲਕੇ ਨਾਲੋ ਜ਼ਿਆਦਾ ਸਿਆਸੀ ਟਪੂਸੀਆਂ ਵੱਜ ਰਹੀਆਂ ਹਨ। ਬਰਨਾਲਾ ਸ਼ਹਿਰ ਵਿੱਚ ਤਾਂ ਦਿਨ ਚੜਦੇ ਨੂੰ ਮਰਹੂਮ ਗਾਇਕ ਰਾਜ ਬਰਾੜ ਦੇ ਗੀਤ ‘‘ਜੇਠ ਦੀਆਂ ਦਸਤਾਰਾਂ’’ ਦੇ ਰੰਗ ਬਦਲ ਰਹੇ ਹਨ। ਸਿਆਸੀ ਹਵਾ ਦੇ ਰੁੱਖ ਅਨੁਸਾਰ ‘ਦਲ-ਬਦਲੂ’ ਆਪਣੇ ਨਿੱਜੀ ਹਿੱਤਾਂ ਕਾਰਨ ਇੱਧਰੋ-ਉੱਧਰ ਆਉਂਦੇ-ਜਾਂਦੇ ਹਨ, ਇਹ ਲੋਕ ਆਪਣੀ ਦਲ ਬਦਲੀ ਨੂੰ ਆਪਣੇ ਆਪ ਵਿੱਚ ਭਾਵੇਂ ਵੱਡੀ ਪ੍ਰਾਪਤੀ ਸਮਝ ਲੈਂਦੇ ਹਨ ਪ੍ਰੰਤੂ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਇਹ ਲੋਕ ਮਖੌਲ ਦਾ ਪਾਤਰ ਹੀ ਬਣਦੇ ਹਨ, ਜਿਵੇ ਕਿ ਸੰਗਰੂਰ ਜ਼ਿਮਨੀ ਚੋਣ ਦੌਰਾਨ ਬਰਨਾਲਾ ’ਚ ਹੋ ਰਿਹਾ ਹੈ। ਆਮ ਲੋਕ ਇਨਾਂ ਦਲ ਬਦਲੂਆਂ ਦੀ ਵਿਕ ਰਹੀ ਜ਼ਮੀਰ ਸੰਬੰਧੀ ਤਰਾਂ-ਤਰਾਂ ਦੀਆਂ ਟਿੱਪਣੀਆਂ ਕਰਦੇ ਹਨ। ਕਈ ਵਾਰ ਤਾਂ ਕਈ ਵਰਕਰ ਅਜਿਹੇ ਦਲ ਬਦਲੂਆਂ ਨੂੰ ‘ਸਿੱਧੇ ਮੂੰਹ ’ਤੇ’ ਹੀ ਜ਼ਮੀਰ ਵੇਚਣ ਦਾ ਉਲਾਂਭਾ ਦੇ ਦਿੰਦੇ ਹਨ ਪਰ ਇਹ ‘ਦਲ-ਬਦਲੂ’ ਢੀਠਤਾਈ ਦੀ ਸਿਰੇ ਦੀ ਕਿਸਮ ਹੁੰਦੇ ਹਨ ਜੋ ਚੋਣਾਂ ਦੇ ਮਾਹੌਲ ’ਚ ਹਵਾ ਦੇ ਰੁੱਖ ਅਨੁਸਾਰ ਇੱਧਰੋ-ਉੱਧਰ, ਉੱਧਰੋ-ਇੱਧਰ ਆਉਦੇ-ਜਾਂਦੇ ਰਹਿੰਦੇ ਹਨ।

error: Content is protected !!