Gee 98News

ਪੋਸ਼ਣ ਅਭਿਆਨ ਦੇ ਨਾਮ ’ਤੇ ਬੱਚਿਆਂ ਦੇ ਅਧਿਕਾਰਾਂ ’ਤੇ ਮਾਰਿਆਂ ਜਾ ਰਿਹਾ ਹੈ ਡਾਕਾ: ਆਂਗਣਵਾੜੀ ਆਗੂ

ਬਰਨਾਲਾ, 01 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਪੰਜਾਬ ਸਰਕਾਰ ਵੱਲੋਂ 1 ਸਤੰਬਰ ਤੋਂ 30 ਸਤੰਬਰ ਤੱਕ ਮਨਾਏ ਜਾ ਰਹੇ ਪੋਸ਼ਣਮਾਂਹ ਸੰਬੰਧੀ ਵਿਭਾਗੀ ਮੰਤਰੀ ਵੱਲੋਂ ਵਧਾ ਚੜ ਕੇ ਕੀਤੇ ਐਲਾਨਾਂ ਨੂੰ ਸੂਬੇ ਦੇ ਮਾਸੂਮ ਬੱਚਿਆਂ ਨਾਲ ਧੋਖਾ ਕਰਾਰ ਦਿੰਦੇ ਹੋਏ ਹੇਠਲੇ ਪੱਧਰ ’ਤੇ ਬੱਜਟ ਜਾਰੀ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਨੰਗਲ , ਜਨਰਲ ਸਕੱਤਰ ਰੁਪਿੰਦਰ ਬਾਵਾ, ਖ਼ਜਾਨਚੀ ਬਲਜੀਤ ਸੇਖਾ ਅਤੇ ਮੀਤ ਪ੍ਰਧਾਨ ਕਰਮਜੀਤ ਕੌਰ ਭੱਦਲਵੱਢ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪੋਸ਼ਣ ਅਭਿਆਨ ਅਤੇ ਪੋਸ਼ਣ ਟਰੈਕ ਦੇ ਨਾਮ ’ਤੇ ਬੱਚਿਆਂ ਦੇ ਅਧਿਕਾਰਾਂ ੳੁੱਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਪਹਿਲਾਂ ਹੀ ਕਮਿਊਨਿਟੀ ਬੇਸਡ ਪ੍ਰੋਗਰਾਮ ਮਹੀਨੇ ਵਿੱਚ 2 ਵਾਰ ਮਨਾਇਆ ਜਾਂਦਾ ਹੈ। ਜਿਸ ਵਿੱਚ ਬੱਚਿਆਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਮਾਵਾਂ ਨੂੰ ਪੋਸ਼ਣ ਸੰਬੰਧੀ ਜਾਣਕਾਰੀ ਦੇਣੀ ਹੁੰਦੀ ਹੈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ 500 ਰੁਪਏ ਪ੍ਰਤੀ ਮਹੀਨਾ ਦੇਣਾ ਹੁੰਦਾ ਹੈ ਤਾਂ ਜੋ ਵਰਕਰ ਲੋੜੀਦਾ ਖ਼ਰਚ ਕਰ ਸਕੇ ਪ੍ਰੰਤੂ ਪਿਛਲੇ 2 ਸਾਲਾਂ ਤੋਂ ਸਰਕਾਰ ਵੱਲੋਂ ਸੀਬੀਈ ਦਾ ਕੋਈ ਬੱਜਟ ਨਹੀਂ ਦਿੱਤਾ ਗਿਆ। ਦੂਜੇ ਪਾਸੇ ਮੰਤਰੀ ਬਲਜੀਤ ਕੌਰ ਵੱਲੋਂ ਪੋਸ਼ਣਮਾਂਹ ਮਨਾਉਣ ਸੰਬੰਧੀ ਵਧਾ ਚੜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ । ਆਂਗਣਵਾੜੀ ਆਗੂਆਂ ਨੇ ਕਿਹਾ ਕਿ ਸਿਰਫ਼ ਗੱਲਾਂ-ਬਾਤਾਂ ਨਾਲ ਹੀ ਕੁਪੋਸ਼ਣ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸਕੀਮਾਂ ਦੀ ਸਫਲਤਾ ਲਈ ਲੋੜੀਂਦੇ ਬੱਜਟ ਦੀ ਲੋੜ ਹੈ ਜੋ ਸਕੀਮਾਂ ਲਾਗੂ ਕਰਨ ਦੇ ਸਮੇਂ ਤੋਂ ਪਹਿਲਾਂ ਜਾਰੀ ਕੀਤਾ ਜਾਣਾ ਚਾਹੀਦਾ ਹੈ ਪ੍ਰੰਤੂ ਇਸ ਦੇ ਉਲਟ ਬਿਨਾਂ ਪੈਸਾ ਦਿੱਤੇ ਵਰਕਰਾਂ ਨੂੰ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਜੋ ਵਰਕਰਾਂ/ਹੈਲਪਰਾਂ ਦੇ ਸੋਸ਼ਣ ਦੀ ਮੂੰਹ ਬੋਲਦੀ ਤਸਵੀਰ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਪੋਸ਼ਣਮਾਂਹ ਲਈ ਬੱਜਟ ਤੁਰੰਤ ਜਾਰੀ ਕਰੇ।

error: Content is protected !!