Gee 98News

ਮਹਿਲਾਵਾਂ ਲਈ ‘ਪੀਰੀਅਡ ਲੀਵ’ ਮਾਮਲੇ ਸੰਬੰਧੀ ਸੁਪਰੀਮ ਕੋਰਟ ਕਰੇਗੀ ਸੁਣਵਾਈ

-ਸਮਾਜ ਵੱਲੋਂ ਵਿਸਾਰਿਆ ਜਾ ਰਿਹਾ ਮੁੱਦਾ ਕਾਨੂੰਨ ਦੇ ਵਿਹੜੇ ‘ਚ

ਚੰਡੀਗੜ੍ਹ 23 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਮਾਂਹਵਾਰੀ ਦੇ ਦਿਨਾਂ ਦੌਰਾਨ ਮਹਿਲਾਵਾਂ ਨੂੰ ਕੰਮਕਾਜ ਤੋਂ ਛੁੱਟੀ ਦੇਣ ਸਬੰਧੀ ਦੇਸ਼ ਦੀ ਸਰਵਉੱਚ ਅਦਾਲਤ 24 ਫਰਵਰੀ ਨੂੰ ਸਲੈਂਦਰ ਮਣੀ ਤ੍ਰਿਪਾਠੀ ਵੱਲੋਂ ਦਾਇਰ ਕੀਤੀ ਅਰਜ਼ੀ ‘ਤੇ ਸੁਣਵਾਈ ਕਰੇਗੀ। ਇਹ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਬਹਿਸ ਦਾ ਮੁੱਦਾ ਰਿਹਾ ਹੈ ਕਿ ਇਹਨਾਂ ਨਾਜ਼ੁਕ ਦਿਨਾਂ ਦੌਰਾਨ ਕੰਮਕਾਜੀ ਮਹਿਲਾਵਾਂ ਨੂੰ ਛੁੱਟੀ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ । ਇਸ ਸਬੰਧੀ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਨ ਵਾਲੇ ਤ੍ਰਿਪਾਠੀ ਦਾ ਮੰਨਣਾ ਹੈ ਕਿ ” ਕਿਸੇ ਵੀ ਨਾਗਰਿਕ ਦਾ ਅਸਮਾਨਤਾ ਦੇ ਅਧਾਰ ‘ਤੇ ਹੱਕ ਨਹੀਂ ਖੋਹਿਆ ਜਾ ਸਕਦਾ। ਔਰਤ ਜੈਵਿਕ ਰੂਪ ‘ਚ ਅਸਮਾਨ ਹੈ। ਮਰਦਾਂ ਨੂੰ ਔਰਤਾਂ ਵਾਂਗ ਮਾਂਹਵਾਰੀ ਦਰਦਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਆਧਾਰ ‘ਤੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਸਮਝਣਾ ਸੰਵਿਧਾਨਕ ਭੁੱਲ ਹੈ”। ਮਹਿਲਾਵਾਂ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਦੀ ਜ਼ਰੂਰਤ ਹੈ ਜਦ ਕਿ ਕੁਝ ਲੋਕ ਪੀਰੀਅਡ ਲੀਵ ਨੂੰ ਸਿਰਫ ਛੁੱਟੀ ਲੈਣ ਦਾ ਬਹਾਨਾ ਮੰਨਦੇ ਹਨ । ਇਹ ਮੁੱਦਾ ਸਮੁੱਚੇ ਵਿਸ਼ਵ ਵਿੱਚ ਬਹਿਸ ਦਾ ਕੇਂਦਰ ਬਣਿਆ ਹੋਇਆ ਹੈ।

Gee98 Ads

ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰਨ ਵਾਲੇ ਤ੍ਰਿਪਾਠੀ ਦੇ ਵਕੀਲ ਵਿਸ਼ਾਲ ਤਿਵਾਰੀ ਦਾ ਵੀ ਮੰਨਣਾ ਹੈ ਕਿ “ਮਹਿਲਾਵਾਂ ਨੂੰ ਪੀਰੀਅਡ ਲੀਵ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਦਿਨ ਉਹਨਾਂ ਲਈ ਨਾਜ਼ੁਕ ਹੁੰਦੇ ਹਨ”। ਇਨ੍ਹਾਂ ਦਿਨਾਂ ਦੌਰਾਨ ਮਹਿਲਾਵਾਂ ਦਾ ਸਰੀਰ ਕੰਮ ਦਾ ਜ਼ਿਆਦਾ ਬੋਝ ਨਹੀਂ ਝੱਲ ਸਕਦਾ ਕਿਉਂਕਿ ਇਹ “ਨੈਚੁਰਲ ਬਾਇਓਲਾਜੀਕਲ ਪ੍ਰੋਸੈਸ” ਹੈ। ਵਿਸ਼ਾਲ ਤਿਵਾਰੀ ਅਨੁਸਾਰ ਔਰਤਾਂ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਹੈ ਜਿਸਦਾ ਜ਼ਰੂਰਤਮੰਦ ਔਰਤਾਂ ਲਾਹਾ ਲੈ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪੀਰੀਅਡ ਲੀਵ ਸਬੰਧੀ ਮਰਦਾਂ ਤੋਂ ਇਲਾਵਾ ਔਰਤਾਂ ਵੀ ਅਲੱਗ-ਅਲੱਗ ਰਾਏ ਰੱਖਦੀਆਂ ਹਨ। ਇਹ ਸਾਇੰਸ ਦੀ ਮੰਨ ਚੁੱਕੀ ਹੈ ਕਿ ਇਹ ਪੰਜ ਦਿਨ ਔਰਤਾਂ ਲਈ ਅਤਿ ਨਾਜ਼ੁਕ ਹੁੰਦੇ ਹਨ। ਲੰਡਨ ਦੇ ਇੱਕ ਕਾਲਜ ਦੀ ਸਟੱਡੀ ਦੇ ਮੁਤਾਬਕ ਪੀਰੀਅਡਸ ਦੇ ਦੌਰਾਨ ਮਹਿਲਾਵਾਂ ਨੂੰ ਹਾਰਟ ਅਟੈਕ ਜਿਨ੍ਹਾਂ ਦਰਦ ਹੁੰਦਾ ਹੈ। ਮਾਂਹਵਾਰੀ ਦੌਰਾਨ ਔਰਤਾਂ ਨੂੰ ਦਰਦ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਸਮੱਸਿਆਵਾਂ ਵੱਖ-ਵੱਖ ਔਰਤਾਂ ਵਿਚ ਵੱਖ-ਵੱਖ ਤਰਾਂ ਦੀਆਂ ਹੁੰਦੀਆਂ ਹਨ। ਕੁਝ ਔਰਤਾਂ ਇਨ੍ਹਾਂ ਦਿਨਾਂ ਦੌਰਾਨ ਆਪਣੇ ਦਫ਼ਤਰ ਤੋਂ ਦੋ ਦਿਨ ਦੀ ਛੁੱਟੀ ਲੈਂਦੀਆਂ ਹਨ ਅਤੇ ਕੁਝ ਔਰਤਾਂ ਛੁੱਟੀ ਕਾਰਨ ਕੰਮ ਦਾ ਬੋਝ ਵਧਣ ਦੇ ਡਰ ਤੋਂ ਆਪਣਾ ਕੰਮ ਜਾਰੀ ਰੱਖਦੀਆਂ ਹਨ।

ਦੂਜੇ ਪਾਸੇ ਸਮਾਜਿਕ ਤੌਰ ‘ਤੇ ਜੇਕਰ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸਾਡਾ ਸਮਾਜ ਮਾਂਹਵਾਰੀ ‘ਤੇ ਖੁਲ੍ਹੇਆਮ ਚਰਚਾ ਕਰਨ ਤੋਂ ਬਚ ਰਿਹਾ ਹੈ। ਮਹਿਲਾਵਾਂ ਵੀ ਖਾਸ ਕਰਕੇ ਅਣ ਵਿਆਹੁਤਾ ਕੁੜੀਆਂ ਮਾਂਹਵਾਰੀ ਦੇ ਨਾਜ਼ੁਕ ਦਿਨਾਂ ਦੀ ਚਰਚਾ ਕਰਨ ਤੋਂ ਬਚਦੀਆਂ ਹਨ ਕਿਉਂਕਿ ਉਹ ਇਹਨਾਂ ਦਿਨਾਂ ਦੌਰਾਨ ਆਪਣੀ ਸਥਿਤੀ ਨੂੰ ਛੁਪਾਉਣਾ ਪਸੰਦ ਕਰਦੀਆਂ ਹਨ। ਪਤੀ-ਪਤਨੀ ਦੇ ਰਿਸ਼ਤੇ ਨੂੰ ਛੱਡ ਕੇ ਜ਼ਿਆਦਾਤਰ ਪਰਿਵਾਰਾਂ ਵਿੱਚ ਔਰਤਾਂ ਮਾਂਹਵਾਰੀ ਦੇ ਦੌਰਾਨ ਕਿਸੇ ਸਮੱਸਿਆ ਸਬੰਧੀ ਪਰਿਵਾਰ ਦੇ ਪੁਰਸ਼ ਮੈਂਬਰਾਂ ਨਾਲ ਚਰਚਾ ਨਹੀਂ ਕਰਦੀਆਂ, ਭਾਵੇਂ ਕਿ ਇਹ ਰੂਟੀਨ ਦੀ ਸਰੀਰਕ ਸਮੱਸਿਆ ਹੀ ਹੈ। ਸਮਾਜਿਕ ਤੌਰ ‘ਤੇ ਮਰਦਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 90 ਫੀਸਦੀ ਤੱਕ ਮਰਦ, ਔਰਤਾਂ ਦੀ ਇਸ ਸਮੱਸਿਆ ਨੂੰ ਸਮਝਦੇ ਹੀ ਨਹੀਂ ਹਨ। ਬਹਰਹਾਲ ! ਸਮਾਜਿਕ ਵਲਗਣਾਂ ਚੋਂ ਨਿਕਲ ਕੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਕੋਲ ਪੁੱਜਾ ਹੈ ਜਿਸ ਉਪਰ ਸੁਪਰੀਮ ਕੋਰਟ 24 ਫਰਵਰੀ ਨੂੰ ਸੁਣਵਾਈ ਸ਼ੁਰੂ ਕਰੇਗੀ।

error: Content is protected !!