Skip to main content

Gee 98News

ਸੇਵਾ ਦੀ ਅਦਭੁੱਤ ਮਿਸਾਲ.. ਸ੍ਰੀ ਨੈਣਾਂ ਦੇਵੀ ਲੰਗਰ ਕਮੇਟੀ ਬਰਨਾਲਾ

ਬਰਨਾਲਾ ਤੋਂ ਹਿਮਾਚਲ ਤੱਕ ਦਾ ਸਫ਼ਰ
ਬਰਨਾਲਾ, 27 ਜੁਲਾਈ (ਨਿਰਮਲ ਸਿੰਘ ਪੰਡੋਰੀ/ਰਵਿੰਦਰ ਕੁਮਾਰ ਬਿੱਲੀ) : ਜੇਕਰ ਮਨੁੱਖ ਪੂਰੀ ਸ਼ਰਧਾ ਅਤੇ ਦਿ੍ਰੜਤਾ ਨਾਲ ਕੋਈ ਕੰਮ ਕਰੇ ਤਾਂ ਕਾਮਯਾਬੀ ਦਾ ਝੰਡਾ ਹਮੇਸ਼ਾ ਬੁਲੰਦ ਹੁੰਦਾ ਹੈ। ਅਜਿਹੀ ਹੀ ਇੱਕ ਮਿਸਾਲ ਬਰਨਾਲਾ ਦੇ ਸਮਾਜ ਸੇਵੀ ਭਾਵਨਾ ਨਾਲ ਲਬਰੇਜ਼ ਵਿਅਕਤੀਆਂ ਨੇ ਪੈਦਾ ਕੀਤੀ ਹੈ। ਲੱਗਭੱਗ 40 ਵਰੇ ਪਹਿਲਾਂ ਸ੍ਰੀ ਦੀਵਾਨ ਚੰਦ ਬਾਂਸਲ ਅਤੇ ਸ੍ਰੀ ਫ਼ਕੀਰ ਚੰਦ ਗੋਇਲ ਨੇ ਸ੍ਰੀ ਨੈਣਾਂ ਦੇਵੀ ਲੰਗਰ ਕਮੇਟੀ/ਲੰਗਰ ਟਰੱਸਟ (ਰਜਿ:) ਦੇ ਬੈਨਰ ਹੇਠ ਬਰਨਾਲਾ ਦੀ ਧਰਤੀ ’ਤੇ ਲੰਗਰ ਸੇਵਾ ਦਾ ਇੱਕ ਪੌਦਾ ਲਗਾਇਆ ਜਿਸ ਦੀ ਛਾਂ ਸੈਂਕੜੇ ਕਿਲੋਮੀਟਰ ਦੂਰ ਹਿਮਾਚਲ ਪ੍ਰਦੇਸ਼ ਤੱਕ ਚਲੀ ਗਈ। ਲੰਗਰ ਸੇਵਾ ਦਾ ਇਹ ਪੌਦਾ ਹੁਣ ਬਹੁਤ ਵੱਡਾ ਰੁੱਖ ਬਣ ਗਿਆ ਹੈ ਜੋ ਸ੍ਰੀ ਰਾਮੇਸ਼ ਕੁਮਾਰ ਮੇਸ਼ੀ ਦੀ ਰਹਿਨਮਾਈ ਤੇ ਰਾਜਿੰਦਰ ਕੁਮਾਰ ਦੱਧਾਹੂਰ ਵਾਲੇ (ਪ੍ਰਧਾਨ) ਦੀ ਅਗਵਾਈ ਹੇਠ ਦਿਨੋਂ ਦਿਨ ਵਧ ਫੁੱਲ ਰਿਹਾ ਹੈ । ਕਮੇਟੀ ਦਾ ਹੈੱਡ ਆਫਿਸ ਫਰਵਾਹੀ ਬਾਜ਼ਾਰ ਵਿੱਚ ਬਣਿਆ ਹੋਇਆ ਹੈ।


ਬਾਕਸ ਆਈਟਮ
ਸ੍ਰੀ ਨੈਣਾਂ ਦੇਵੀ ਲੰਗਰ ਕਮੇਟੀ ਦੀ ਪੂਰੀ ਟੀਮ ਚੇਅਰਮੈਨ ਸੱਤਪਾਲ ਸ਼ਰਮਾ, ਜਿੰਦਰਪਾਲ ਕਾਕਾ, ਰੋਮੀ ਗੋਇਲ, ਅਸ਼ੋਕ ਕੁਮਾਰ ਸ਼ਹਿਣੇ ਵਾਲੇ, ਪਵਨ ਕੁਮਾਰ, ਓਮ ਪ੍ਰਕਾਸ਼, ਸਿੱਪੀ ਗੁਪਤਾ, ਹਰੀ ਰਾਮ, ਰਿਸ਼ੂ ਗੋਇਲ, ਰਾਜਿੰਦਰ ਟੂਨਾ , ਰਾਜਿੰਦਰ ਚੋਪੜਾ, ਤੇਜਪਾਲ ਟੋਨੀ, ਵਿਜੇ ਰੇਮੰਡ, ਹਿਤਸ਼ ਗੋਇਲ ਅਤੇ ਜੋਨੀ ਹਰ ਸਮੇਂ ਮਾਤਾ ਦੇ ਅਸ਼ੀਰਵਾਦ ਸਦਕਾ ਬਿਨਾਂ ਕਿਸੇ ਸਵਾਰਥ ਤੇ ਹਿਚਕਚਾਹਟ ਤੋਂ ਹਮੇਸਾ ਤਿਆਰ-ਬਰ-ਤਿਆਰ ਰਹਿੰਦੇ ਹਨ। ਕਮੇਟੀ ਵੱਲੋਂ ਸਾਲ ਵਿੱਚ ਚਾਰ ਵਾਰ ਸਾਉਣ,ਚੇਤ,ਅੱਸੂ ਦੇ ਨਵਰਾਤਰੇ ਅਤੇ ਸਾਲ ਦੇ ਅਖ਼ੀਰ ਵਿੱਚ 30-31 ਦਸੰਬਰ ਅਤੇ 1 ਜਨਵਰੀ ਨੂੰ ਮਾਤਾ ਸ੍ਰੀ ਨੈਣਾਂ ਦੇਵੀ ਦੇ ਚਰਨਾਂ ਵਿੱਚ ਲੰਗਰ ਲਗਾਇਆ ਜਾਂਦਾ ਹੈ। ਇਹ ਸਾਰੇ ਲੰਗਰ 24 ਘੰਟੇ ਚੱਲਦੇ ਹਨ। ਕਮੇਟੀ ਮੈਂਬਰਾਂ ਦੇ ਦੱਸਣ ਮੁਤਾਬਕ ਪਹਿਲੇ ਕੁਝ ਸਾਲਾਂ ’ਚ ਇਹ ਲੰਗਰ ਹਿਮਾਚਲ ਦੀ ਹੱਦ ਦੇ ਅੰਦਰ ਲਗਾਇਆ ਜਾਂਦਾ ਸੀ ਅਤੇ ਫਿਰ ਸ੍ਰੀ ਨੈਣਾਂ ਦੇਵੀ ਟਰੱਸਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਢੇ ਚਾਰ ਕਿਲੋਮੀਟਰ ਅੱਗੇ ਸੱਜੇ ਪਾਸੇ ਅਤੇ ਕੌਲਾਂ ਵਾਲੇ ਟੋਭੇ ਤੋਂ ਇੱਕ ਕਿਲੋਮੀਟਰ ਪਿੱਛੇ ਆਪਣੀ ਜਗਾ ਖ਼ਰੀਦ ਕੇ ਇੱਕ ਸ਼ਾਨਦਾਰ ਇਮਾਰਤ ਲੱਗਭੱਗ 1800 ਗਜ਼ ਵਿੱਚ ਤਿਆਰ ਕੀਤੀ ਜੋ ‘ਬਰਨਾਲਾ ਧਰਮਸ਼ਾਲਾ’ ਦੇ ਨਾਮ ਨਾਲ ਪੂਰੀ ਮਸ਼ਹੂਰ ਹੈ, ਜਿੱਥੇ ਮਾਤਾ ਨੈਣਾਂ ਦੇਵੀ ਦੇ ਦਰਬਾਰ ਵਿੱਚ ਜਾਣ ਵਾਲੇ ਭਗਤਾਂ ਲਈ ਰਹਿਣ ਬਸੇਰਾ, ਕੰਬਲ, ਬਿਸਤਰੇ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਬਿਲਕੁਲ ਮੁਫ਼ਤ ਮਿਲਦੀਆਂ ਹਨ । ਇੱਥੇ ਔਰਤਾਂ ਲਈ ਹਰ ਤਰਾਂ ਦਾ ਵੱਖਰਾ ਪ੍ਰਬੰਧ ਹੈ ਅਤੇ ਛੋਟੇ ਬੱਚਿਆਂ ਲਈ ਸ਼ੀਸ਼ੀ ਵਾਲਾ ਦੁੱਧ ਵੀ ਸਪੈਸ਼ਲ ਤਿਆਰ ਮਿਲਦਾ ਹੈ।


ਬਾਕਸ ਆਈਟਮ
ਸ੍ਰੀ ਨੈਣਾਂ ਦੇਵੀ ਲੰਗਰ ਕੇਮਟੀ ਵੱਲੋਂ ਲਗਾਏ ਜਾਂਦੇ ਲੰਗਰ ਵਿੱਚ ਮੁੱਢਲੇ ਦਿਨਾਂ ਤੋਂ ਹੀ ਬਰਨਾਲਾ ਦੇ ਮਸ਼ਹੂਰ ਗਿਆਨ ਹਲਵਾਈ ਵੱਲੋਂ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ। ਲੰਗਰਾਂ ਲਈ ਪਾਣੀ ਦੀ ਸੇਵਾ ਮਾਛੀਵਾੜਾ ਦੇ ਬਲਦੇਵ ਸਿੰਘ ਗਿੱਲ ਅਤੇ ਕਰਮਗੜ ਦੇ ਮਲਕੀਤ ਸਿੰਘ ਦੀ ਟੀਮ ਵੱਲੋਂ ਨਿਸ਼ਕਾਮ ਕੀਤੀ ਜਾਂਦੀ ਹੈ,ਜੋ ਆਪਣੇ ਟਰੈਕਟਰ ਮਗਰ ਪਾਣੀ ਵਾਲੇ ਟੈਂਕਰ ਭਰ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਰੋਜ਼ਾਨਾ ਪਾਣੀ ਦੀ ਸਪਲਾਈ ਕਰਦੇ ਹਨ। ‘ਬਰਨਾਲਾ ਧਰਮਸ਼ਾਲਾ’ ਦੀ ਸਾਂਭ -ਸੰਭਾਲ ਲਈ ਪੰਡਤ ਗਗਨ ਜੀ ਨੇ ਸਮੇਤ ਪਰਿਵਾਰ ਜ਼ਿੰਮੇਵਾਰੀ ਚੁੱਕੀ ਹੋਈ ਹੈ ਜੋ ਉੱਥੇ ਹੀ ਰਹਿ ਰਹੇ ਹਨ। ਸਾਲ ਵਿੱਚ ਚਾਰ ਵਾਰ ਲਗਾਏ ਜਾਂਦੇ ਲੰਗਰਾਂ ਸਮੇਂ ਇੱਕ ਵਿਸ਼ੇਸ ਪੱਖ ਹੈ ਕਿ ਹਰ ਵਾਰ ਮੈਡੀਕਲ ਕੈਂਪ ਲਗਾ ਕੇ ਡਾ. ਦਵਿੰਦਰ ਚੱਢਾ, ਡਾ. ਲਾਜਪਤਰਾਏ, ਡਾ. ਰਾਜ ਕੁਮਾਰ, ਡਾ. ਮੇਹਰਚੰਦ ਵੱਲੋਂ ‘ਫਸਟਏਡ’ ਦੀ ਸੇਵਾ ਫ਼ਰੀ ਕੀਤੀ ਜਾਂਦੀ ਹੈ।
ਬਾਕਸ ਆਈਟਮ
ਸ੍ਰੀ ਨੈਣਾਂ ਦੇਵੀ ਲੰਗਰ ਕੇਮਟੀ/ਲੰਗਰ ਟਰੱਸਟ ਦੇ ਸਾਰੇ ਮੈਂਬਰ ਸੇਵਾ ਦੇ ਜਜਬੇ ਨਾਲ ਐਨੇ ਲਬਰੇਜ਼ ਹਨ ਕਿ ਹਰ ਸਮੇਂ ਲੰਗਰਾਂ ਦੀ ਸੇਵਾ ਲਈ ਤਨ-ਮਨ ਧਨ ਨਾਲ ਸੇਵਾ ਦੇ ਇਸ ਕੁੰਭ ਵਿੱਚ ਯੋਗਦਾਨ ਪਾਉਦੇ ਹਨ। ਕੇਮਟੀ ਮੈਂਬਰਾਂ ਅਨੁਸਾਰ ਉਂਝ ਤਾਂ ਭਾਵੇਂ ਲੰਗਰ ਲਗਾਉਣ ਲਈ ਕਮੇਟੀ ਵੱਲੋਂ ਕਾਫੀ ਖ਼ਰਚ ਕੀਤਾ ਜਾਂਦਾ ਹੈ ਪਰ ਇਹ ਖ਼ਰਚ ਕਿਸੇ ਵੱਲੋਂ ਉਗਰਾਹੀ ਕਰਕੇ ਨਹੀਂ ਕੀਤਾ ਜਾਂਦਾ । ਇਸ ਤੋਂ ਇਲਾਵਾ ‘ਬਰਨਾਲਾ ਧਰਮਸ਼ਾਲਾ’ ਦੀ ਇਮਾਰਤ ਦੇ ਨਿਰਮਾਣ ਦਾ ਪ੍ਰੋਜੈਕਟ ਵੀ ਕਾਫੀ ਵੱਡਾ ਹੈ , ਜੋ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਹੀ ਪੂਰਾ ਕੀਤਾ ਜਾ ਰਿਹਾ ਹੈ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ‘ਬਰਨਾਲਾ ਧਰਮਸ਼ਾਲਾ’ ਦੀ ਇਮਾਰਤ ਦੀ ਫਰੰਟ ਲੁੱਕ ਨਵੀਂ ਤਿਆਰ ਕੀਤੀ ਜਾ ਰਹੀ ਹੈ ਜੋ ਹਰ ਦੇਖਣ ਵਾਲੇ ਨੂੰ ਆਕਰਸ਼ਿਤ ਕਰੇਗੀ। ਲੰਗਰਾਂ ਦੇ ਆਯੋਜਨ ਸਮੇਂ ਮਾਤਾ ਦਾ ਜਾਗਰਣ ਵੀ ਕਰਵਾਇਆ ਜਾਂਦਾ ਹੈ, ਜਿਸ ਵਿੱਚ ਜਾਗਰਣ ਮੰਡਲੀਆਂ ਵੀ ਫ਼ਰੀ ਸੇਵਾ ਕਰਦੀਆਂ ਹਨ।

Gee98 Ads

error: Content is protected !!