ਚੰਡੀਗੜ੍ਹ,15 ਫਰਵਰੀ -ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਛੇਵਾਂ ਸੰਮਨ ਜਾਰੀ ਕੀਤਾ ਹੈ। ਈਡੀ ਨੇ ਸ੍ਰੀ ਕੇਜਰੀਵਾਲ ਨੂੰ 19 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪੰਜ ਵਾਰ ਸੰਮਨ ਜਾਰੀ ਕਰਨ ਤੋਂ ਬਾਅਦ ਵੀ ਜਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਤਾਂ ਈਡੀ ਨੇ ਦਿੱਲੀ ਦੀ ਰਾਊਜ ਐਵਨਿਊ ਕੋਰਟ ਤੱਕ ਵੀ ਪਹੁੰਚ ਕੀਤੀ ਜਿਸ ਤੋਂ ਬਾਅਦ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 17 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹੋਏ ਹਨ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਜਾਣ ਬੁੱਝ ਕੇ ਉਨ੍ਹਾਂ ਨੂੰ ਭੇਜੇ ਗਏ ਨੋਟਿਸ ਦਾ ਪਾਲਣ ਨਹੀਂ ਕਰਨਾ ਚਾਹੁੰਦੇ ਅਤੇ ਗ਼ੈਰ ਜ਼ਰੂਰੀ ਬਹਾਨੇ ਲਗਾ ਰਹੇ ਹਨ। ਏਜੰਸੀ ਨੇ ਕਿਹਾ ਕਿ ਜੇਕਰ ਉਹਨਾਂ ਵਾਂਗ ਕਿਸੇ ਵੱਡੇ ਅਹੁਦੇ ‘ਤੇ ਬੈਠਾ ਵਿਅਕਤੀ ਕਾਨੂੰਨ ਦਾ ਪਾਲਣ ਨਹੀਂ ਕਰੇਗਾ ਤਾਂ ਇਸ ਨਾਲ ਆਮ ਲੋਕਾਂ ‘ਚ ਗਲਤ ਸੰਦੇਸ਼ ਜਾਂਦਾ ਹੈ। ਦੱਸਣ ਯੋਗ ਹੈ ਕਿ ਈਡੀ ਸ੍ਰੀ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਦੀ ਸ਼ਰਾਬ ਨੀਤੀ ‘ਚ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛਗਿੱਛ ਕਰਨਾ ਚਾਹੁੰਦੀ ਹੈ ਪ੍ਰੰਤੂ ਸ੍ਰੀ ਕੇਜਰੀਵਾਲ ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਵੀ ਈਡੀ ਸਾਹਮਣੇ ਪੁੱਛਗਿੱਛ ਲਈ ਪੇਸ਼ ਨਹੀਂ ਹੋ ਰਹੇ। ਸੂਤਰਾਂ ਅਨੁਸਾਰ ਈਡੀ ਇਸ ਮਾਮਲੇ ਵਿੱਚ ਇੱਕ ਹੋਰ ਨਵਾਂ ਦੋਸ਼ ਪੱਤਰ ਵੀ ਦਾਖਲ ਕਰਨ ਜਾ ਰਹੀ ਹੈ ਜਿਸ ਨਾਲ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧਣ ਦੀ ਸੰਭਾਵਨਾ ਹੈ।







