Skip to main content

Gee 98News

ਹੁਣ ਚੰਡੀਗੜ੍ਹ ਦੀ ਹੋਗੀ ਪੰਜਾਬ ਦੀ ਉੱਡਣਪਰੀ…ਸਰਕਾਰ ਦੀ ਖੇਡ ਨੀਤੀ ‘ਤੇ ਚੁੱਕੇ ਸਵਾਲ…!

ਚੰਡੀਗੜ੍ਹ,15 ਫਰਵਰੀ, Gee98 news service
“ਮੈਨੂੰ ਜੋ ਸਪੋਰਟ ਪੰਜਾਬ ਸਰਕਾਰ ਤੋਂ ਚਾਹੀਦੀ ਸੀ ਉਹ ਨਹੀਂ ਮਿਲੀ, ਮੈਨੂੰ ਤਿੰਨ ਵਾਰ ਸਬ ਇੰਸਪੈਕਟਰ ਦੀ ਨੌਕਰੀ ਦੀ ਆਫ਼ਰ ਕੀਤੀ ਗਈ ਪ੍ਰੰਤੂ ਦਿੱਤੀ ਨਹੀਂ ਗਈ…ਮੈਂ ਹੁਣ ਪੰਜਾਬ ਦੀ ਬਜਾਏ ਚੰਡੀਗੜ੍ਹ ਵੱਲੋਂ ਖੇਡਣ ਦਾ ਫੈਸਲਾ ਕੀਤਾ ਹੈ”।‌ ਇਹ ਸ਼ਬਦ ਏਸ਼ੀਅਨ ਖੇਡਾਂ ਵਿੱਚ ਦੇਸ਼ ਲਈ ਦੋ ਸਿਲਵਰ ਮੈਡਲ ਜਿੱਤਣ ਵਾਲੀ ਐਥਲੀਟ ਹਰਮਿਲਨ ਬੈਂਸ ਦੇ ਹਨ। ਹਰਮਿਲਨ ਬੈਂਸ ਨੇ 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਦੋ ਸਿਲਵਰ ਮੈਡਲ ਜਿੱਤੇ ਹਨ। ਹਰਮਿਲਨ ਬੈਂਸ ਨੇ ਭਵਿੱਖ ‘ਚ ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲੇ ਲਈ ਪੰਜਾਬ ਨੂੰ ਛੱਡ ਕੇ ਚੰਡੀਗੜ੍ਹ ਵੱਲੋਂ ਖੇਡਣ ਦਾ ਫੈਸਲਾ ਕਰ ਲਿਆ ਹੈ। ਚੋਟੀ ਦੀ ਇਸ ਮਹਿਲਾ ਐਥਲੀਟ ਦੇ ਫੈਸਲੇ ਨਾਲ ਭਾਵੇਂ ਪੰਜਾਬ ਦੇ ਖੇਡ ਪ੍ਰੇਮੀਆਂ ਨੂੰ ਝਟਕਾ ਤਾਂ ਜ਼ਰੂਰ ਲੱਗਿਆ ਪ੍ਰੰਤੂ ਉਸਦੇ ਇਸ ਫੈਸਲੇ ਨੇ ਪੰਜਾਬ ਸਰਕਾਰ ਦੀ ਖੇਡ ਨੀਤੀ ‘ਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਹਨ ਜਿਸ ਦਾ ਸਰਕਾਰ ਵੱਲੋਂ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰਮਿਲਨ ਬੈਂਸ ਨੇ ਕਿਹਾ ਕਿ “ਮੈਂ ਹੁਣ ਚੰਡੀਗੜ੍ਹ ਵੱਲੋਂ ਖੇਡਾਂਗੀ। ਮੇਰੇ ਲਈ ਪੰਜਾਬ ਨੂੰ ਛੱਡਣਾ ਆਸਾਨ ਨਹੀਂ ਸੀ ਪਰ ਮੈਨੂੰ ਜੋ ਪੰਜਾਬ ਤੋਂ ਚਾਹੀਦਾ ਸੀ ਉਹ ਨਹੀਂ ਮਿਲਿਆ”। ਐਥਲੀਟ ਹਰਮਿਲਨ ਬੈਂਸ ਦਾ ਇਹ ‌ ਫੈਸਲਾ ਪੰਜਾਬ ਸਰਕਾਰ ਦੀ ਖੇਡ ਨੀਤੀ ਦੀ ਪੋਲ ਵੀ ‌ਖੋਲ੍ਹ ਰਿਹਾ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਐਥਲੀਟ ਨੇ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਦੀ ਖਿਡਾਰੀਆਂ ਨੂੰ ਵੱਖ-ਵੱਖ ਵਿਭਾਗਾਂ ‘ਚ ਨੌਕਰੀ ਦੇਣ ਦੇ ਐਲਾਨਾਂ ‘ਤੇ ਸਿੱਧੇ ਸਵਾਲ ਖੜੇ ਕੀਤੇ ਹਨ। ਨਵੀਂ ਖੇਡ ਤਹਿਤ ਪੰਜਾਬ ਨੂੰ ਦੁਨੀਆਂ ਦੀ ਖੇਡ ਨਕਸ਼ੇ ‘ਤੇ ਚਮਕਾਉਣ ਦੇ ਦਾਅਵੇ ਕਰਨ ਵਾਲੇ ਸਰਕਾਰ ਦੇ ਰਾਜ ਵਿੱਚ ਜੇਕਰ ਕੋਈ ਚਮਕਦਾ ਐਥਲੀਟ ਆਪਣਾ ਰਾਜ ਛੱਡ ਕੇ ‌ਗੁਆਂਢੀਆਂ ਦੇ ਮੈਦਾਨ ਵਿੱਚ ਖੇਡਣ ਦਾ ਫੈਸਲਾ ਕਰ ਲਵੇ ਤਾਂ ਇਹ ਮੰਦਭਾਗਾ ਹੀ ਕਿਹਾ ਜਾ ਸਕਦਾ ਹੈ ਅਤੇ ਮੌਕੇ ਦੀ ਸਰਕਾਰ ਅਜਿਹੇ ਫੈਸਲਿਆਂ ‘ਤੇ ਉੱਠਣ ਵਾਲੇ ਸਵਾਲਾਂ ਤੋਂ ਬਚ ਨਹੀਂ ਸਕਦੀ। ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਹਰਮਿਲਨ ਬੈਂਸ ਦੀ ਮਾਤਾ ਵੀ ਏਸ਼ੀਅਨ ਮੈਡਲਿਸਟ ਹੈ।‌ ਹਰਮਿਲਨ ਬੈਂਸ ਦਾ ਅਗਲਾ ਨਿਸ਼ਾਨਾ ਪੈਰਿਸ ਉਲੰਪਿਕ ਹੈ। ਪੰਜਾਬ ਦਾ ਨਾਮ ਰੌਸ਼ਨ ਕਰਨ ਅਤੇ ਸੰਭਾਵਨਾਵਾਂ ਨਾਲ ਭਰੀ ਇਸ ਖਿਡਾਰਨ ਦੇ ਫੈਸਲੇ ‘ਤੇ ਟਿੱਪਣੀ ਕਰਨ ਲਈ ਜਦ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਸੰਪਰਕ ਨਹੀਂ ਹੋ ਸਕਿਆ।

error: Content is protected !!