ਚੰਡੀਗੜ੍ਹ,26 ਮਾਰਚ, Gee98 news service
-ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਭਾਜਪਾ ਵੱਲੋਂ ਗੱਠਜੋੜ ਤੋਂ ਨਾਂਹ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖਾ ਬਿਆਨ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਸੂਲਾਂ ਦੀ ਪਾਰਟੀ ਹੈ, ਸਾਡੇ ਲਈ ਗਿਣਤੀ ਤੋਂ ਜ਼ਿਆਦਾ ਅਸੂਲ ਜ਼ਰੂਰੀ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੌਮ ਤੇ ਪੰਜਾਬੀਆਂ ਦੀ ਰੱਖਿਆ ਲਈ ਬਣਾਈ ਗਈ ਪਾਰਟੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਦਾ ਲਾਲਚ ਨਾ ਕਦੇ ਸੀ, ਨਾ ਹੁਣ ਹੈ। ਸਾਡੇ ਲਈ ਕੌਮ ਅਤੇ ਪੰਜਾਬ ਦੇ ਹਿੱਤ ਰਾਜਨੀਤੀ ਤੋਂ ਉੱਪਰ ਹਨ। ਬਾਦਲ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸਿਰਫ਼ ਵੋਟਾਂ ਦੀ ਰਾਜਨੀਤੀ ਕਰਦੀਆਂ ਹਨ, ਅਸੀਂ ਵੋਟ ਦੀ ਰਾਜਨੀਤੀ ਨਹੀਂ ਕਰਦੇ ਸਗੋਂ ਸਾਡੇ ਲਈ ਪੰਜਾਬ ਸਭ ਤੋਂ ਪਹਿਲਾਂ ਹੈ। ਉਹਨਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਦੇ ਅਕਾਲੀ ਦਲ ਹੀ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਬਿਆਨ ਜਾਰੀ ਕਰਕੇ ਭਾਜਪਾ ਦੇ ਇਕੱਲੇ ਚੋਣ ਲੜਨ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦਾ ਇਹ ਤਿੱਖਾ ਬਿਆਨ ਸਾਹਮਣੇ ਆਇਆ ਹੈ। ਕਈ ਦਿਨਾਂ ਤੋਂ ਗੱਠਜੋੜ ਲਈ ਮੰਥਨ ਕਰ ਰਹੀਆਂ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਇਹ ਬਿਆਨ ਸਪੱਸ਼ਟ ਕਰਦੇ ਹਨ ਕਿ ਲੋਕ ਸਭਾ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁਹਾਜ਼ ‘ਤੇ ਲਕੀਰ ਖਿੱਚ ਲਈ ਹੈ ਅਤੇ ਦੋਵੇਂ ਪਾਰਟੀਆਂ ਵੱਖੋ ਵੱਖਰੀਆਂ ਹੀ ਲੜਨਗੀਆਂ।