ਚੰਡੀਗੜ੍ਹ,26 ਮਾਰਚ, Gee98 news service
-ਕੇਂਦਰ ਸਰਕਾਰ ਅਤੇ ਪੰਜਾਬ ਦੇ ਗਵਰਨਰ ਦੇ ਪੰਜਾਬ ਪ੍ਰਤੀ ਰਵੱਈਏ ਦੇ ਖ਼ਿਲਾਫ਼ ਵਾਰ-ਵਾਰ ਸੁਪਰੀਮ ਕੋਰਟ ਦਾ ਸਹਾਰਾ ਲੈਣ ਵਾਲੀ ਪੰਜਾਬ ਸਰਕਾਰ ਖ਼ੁਦ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਦੇ
ਮਾਮਲੇ ‘ਚ ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ ‘ਤੇ ਟੰਗ ਕੇ ਬੈਠੀ ਹੈ।
ਈਟੀਟੀ 2364 ਅਧਿਆਪਕ ਯੂਨੀਅਨ ਪੰਜਾਬ ਦੀ ਬਠਿੰਡਾ ਵਿਖੇ ਸੂਬਾ ਪੱਧਰੀ ਮੀਟਿੰਗ ਹੋਈ।ਜਿਸ ਵਿੱਚ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਈਟੀਟੀ 2364 ਭਰਤੀ ਜੋ ਕਿ ਲਗਭਗ 3 ਸਾਲ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ (ਡਬਲ ਬੈਂਚ) ਦੇ ਮੁੱਖ ਜੱਜ ਸ਼੍ਰੀਮਤੀ ਰਿਤੂ ਬਾਹਰੀ ਦੁਆਰਾ 19 ਦਸੰਬਰ 2023 ਨੂੰ ਬਹਾਲ ਕਰਦਿਆਂ ਪਹਿਲਾਂ ਜਾਰੀ ਅਧਿਸੂਚਨਾ (ਨੋਟੀਫਿਕੇਸ਼ਨ) ਅਨੁਸਾਰ ਭਰਤੀ ਡਾਇਰੈਕਟੋਰੇਟ ਨੂੰ 8 ਹਫਤਿਆਂ ਦਾ ਸਮਾਂ ਦਿੰਦਿਆਂ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਸਮੇਂ ਦੌਰਾਨ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਬਜਾਏ ਭਰਤੀ ਡਾਇਰੈਕਟੋਰੇਟ ਵੱਲੋਂ ਕਲੈਰੀਫਿਕੇਸ਼ਨ ਦੇ ਨਾਮ ‘ਤੇ ਅਤੇ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 14/02/24 ਨੂੰ 2 ਅਰਜ਼ੀਆਂ ਦਾਖਲ ਕੀਤੀਆਂ ਗਈਆਂ, ਕਿੰਨਾ ਦੋਵੇਂ ਅਰਜ਼ੀਆਂ ਨੂੰ 15/03/2024 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (ਸਪੈਸ਼ਲ ਡਬਲ ਬੈਂਚ) ਵੱਲੋਂ ਖਾਰਜ ਕਰਦਿਆਂ ਵਿਭਾਗ ਨੂੰ ਫਿਰ ਤੋਂ 19/12/2023 ਵਾਲੇ ਆਦੇਸ਼ਾਂ ਰਾਹੀ ਨੋਟੀਫਿਕੇਸ਼ਨ ਅਨੁਸਾਰ ਭਰਤੀ ਪ੍ਰਕਿਰਿਆ ਪੂਰੀ ਕਰਨ ਦੇ ਆਦੇਸ਼ ਦਿੱਤੇ ਪ੍ਰੰਤੂ ਅੱਜ ਤੱਕ ਵੀ ਵਿਭਾਗ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਨਹੀ ਕੀਤੀ ਗਈ, ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਬਣਦੀ ਹੈ। ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਕੋਈ ਵੀ ਯੋਗ ਕਾਰਨ ਨਹੀਂ ਦੱਸਿਆ ਜਾ ਰਿਹਾ। ਉਹਨਾਂ ਦੱਸਿਆ ਕਿ ਸਕਰੂਟਨੀ ਕਰਵਾ ਚੁੱਕੇ ਉਮੀਦਵਾਰ ਪਹਿਲਾਂ ਹੀ 3 ਸਾਲਾਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਈਟੀਟੀ 2364 ਟੀਮ ਵੱਲੋ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਅਤੇ ਸਿੱਖਿਆ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਈਟੀਟੀ 2364 ਭਰਤੀ ਦੀਆਂ ਜੁਆਨਿੰਗ ਲਿਸਟਾਂ ਜਲਦੀ ਜਾਰੀ ਕੀਤੀਆਂ ਜਾਣ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਈਟੀਟੀ 2364 ਭਰਤੀ ਨੂੰ ਪੂਰਾ ਕਰਨ ਵਿੱਚ ਆਨਾਕਾਨੀ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਦੀਆਂ ਵੋਟਾਂ ਵਿੱਚ ਆਮ ਆਦਮੀ ਪਾਰਟੀ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਮਨਪ੍ਰੀਤ ਮਾਨਸਾ, ਹਰਜੀਤ ਬੁਢਲਾਡਾ, ਗੁਰਸੰਗਤ ਬੁਢਲਾਡਾ, ਗੁਰਜੀਵਨ ਮਾਨਸਾ, ਕਿਰਨ ਨਾਭਾ, ਵਰਿੰਦਰ ਸਰਹੰਦ, ਅੰਮ੍ਰਿਤ ਪਾਲ ਧੂਰੀ, ਜਸਵਿੰਦਰ ਮਾਛੀਵਾੜਾ ,ਗੁਰਸੇਵ ਸਲੇਮਗੜ੍ ਆਦਿ ਹਾਜ਼ਰ ਸਨ।