ਚੰਡੀਗੜ੍ਹ,28 ਮਾਰਚ, Gee98 news service
-ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ ਨੂੰ 500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਵਿਜੀਲੈਂਸ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ ਰਿਸ਼ਵਤ ਲੈਂਦੇ ਫੜੇ ਗਏ ਮਾਲ ਪਟਵਾਰੀਆਂ ਵਿੱਚੋਂ ਇਹ ਸਭ ਤੋਂ ਘੱਟ ਰਿਸ਼ਵਤ ਲੈਣ ਵਾਲਾ ਪਟਵਾਰੀ ਹੋਵੇਗਾ। ਬੁਲਾਰੇ ਨੇ ਦੱਸਿਆ ਕਿ ਨਿਸ਼ਾਨ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਭਾਈਦੇਸਾ ਜ਼ਿਲ੍ਹਾ ਮਾਨਸਾ ਦੀ ਸ਼ਿਕਾਇਤ ਦੇ ਅਧਾਰ ‘ਤੇ ਮਾਲ ਪਟਵਾਰੀ ਧਨੀ ਚੰਦ ਹਲਕਾ ਬੁਰਜਰਾਠੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਅਨੁਸਾਰ ਉਸ ਦੀ ਬੇਔਲਾਦ ਤਾਈ ਸੁਰਜੀਤ ਕੌਰ ਆਪਣੀ ਮੌਤ ਤੋਂ ਪਹਿਲਾਂ ਪੰਜ ਏਕੜ ਦੀ ਜ਼ਮੀਨ ਦੀ ਰਜਿਸਟਰਡ ਵਸੀਅਤ ਉਸ ਦੇ ਨਾਮ ਦਰਜ ਕਰਵਾ ਗਈ ਸੀ ਹੁਣ ਇਸ ਵਸੀਅਤ ਵਾਲੀ ਜ਼ਮੀਨ ਦਾ ਇੰਤਕਾਲ ਉਸਨੇ ਆਪਣੇ ਨਾਮ ਕਰਵਾਉਣ ਲਈ ਪਟਵਾਰੀ ਤੱਕ ਪਹੁੰਚ ਕੀਤੀ ਪ੍ਰੰਤੂ ਪਟਵਾਰੀ ਧਨੀ ਚੰਦ ਨੇ ਕਿਹਾ ਕਿ ਮਾਲ ਰਿਕਾਰਡ ਵਿੱਚ ਉਸਦੇ ਦਾਦਾ ਜੀ ਦਾ ਨਾਮ ਜੱਗਰ ਸਿੰਘ ਲਿਖਿਆ ਹੈ ਤੇ ਕਈ ਥਾਂ ਉਜਾਗਰ ਸਿੰਘ ਲਿਖਿਆ ਹੋਇਆ ਹੈ ਜਿਸ ਦੀ ਫਰਦ ਬਦਰ ਰਾਹੀਂ ਦਰੁਸਤਗੀ ਹੋ ਸਕਦੀ ਹੈ ਜੋ ਸਿਰਫ਼ ਪਟਵਾਰੀ ਹੀ ਕਰ ਸਕਦਾ ਹੈ। ਇਸ ਕੰਮ ਲਈ ਮਾਲ ਪਟਵਾਰੀ ਧਨੀ ਚੰਦ ਨੇ ਨਿਸ਼ਾਨ ਸਿੰਘ ਤੋਂ 2000 ਰਿਸ਼ਵਤ ਦੀ ਮੰਗ ਕੀਤੀ ਅਤੇ 24 ਮਾਰਚ 2024 ਨੂੰ ਪਹਿਲੀ ਕਿਸ਼ਤ ਵਜੋਂ 1000 ਰੁਪਏ ਰਿਸ਼ਵਤ ਵਜੋਂ ਲਏ। ਸ਼ਿਕਾਇਤ ਕਰਤਾ ਅਨੁਸਾਰ ਹੁਣ ਪਟਵਾਰੀ 500 ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਜਿਸ ਤੋਂ ਬਾਅਦ ਉਸਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਅਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਮਾਲ ਪਟਵਾਰੀ ਧਨੀ ਚੰਦ ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿੱਚ 500 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ। ਪਟਵਾਰੀ ਦੇ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।









