ਚੰਡੀਗੜ੍ਹ,28 ਮਾਰਚ
- Gee98 news service ਵਿਸ਼ੇਸ਼ ਰਿਪੋਰਟ
-ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰੀ ਅਤੇ ਰਿਮਾਂਡ ਦੇ ਮਾਮਲੇ ‘ਚ ਕੋਈ ਰਾਹਤ ਨਹੀਂ ਦਿੱਤੀ ਇਸ ਮਾਮਲੇ ਦੀ ਅਗਲੀ ਸੁਣਵਾਈ ਤਿੰਨ ਅਪ੍ਰੈਲ ਨੂੰ ਹੋਵੇਗੀ। ਅਰਵਿੰਦ ਕੇਜਰੀਵਾਲ ਨੇ ਈਡੀ ਵੱਲੋਂ ਉਹਨਾਂ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਹਾਈਕੋਰਟ ਤੱਕ ਪਹੁੰਚ ਕੀਤੀ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਹਮਦਰਦੀ ਦੀ ਲਹਿਰ ‘ਚ ਬਦਲਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਦੇ ਮੁਕਾਬਲੇ ‘ਤੇ ਖੜਾ ਕੇ ਅਗਲੀਆਂ ਚੋਣਾਂ ਲੜਨ ਦੀ ਰਣਨੀਤੀ ਬਣਾ ਰਹੀ ਹੈ। ਪਾਰਟੀ ਦੇ ਵੱਡੇ ਆਗੂਆਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਮਨੀਸ਼ ਸਸੋਦੀਆ ਤੋਂ ਬਾਅਦ ਭਗਵੰਤ ਮਾਨ ਹੀ ਇਕ ਅਜਿਹੇ ਆਗੂ ਹਨ ਜਿਨਾਂ ‘ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਪਈ ਹੈ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ 31 ਮਾਰਚ ਨੂੰ ਦਿੱਲੀ ਵਿਖੇ ਇੱਕ ਵੱਡਾ ਇਕੱਠ ਕਰਨ ਜਾ ਰਹੀ ਹੈ, ਜਿਸ ਵਿੱਚ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਿਲ ਕਰਨ ਦੀ ਰਣਨੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਹਰੇਕ ਆਪ ਵਿਧਾਇਕ ਨੂੰ ਘੱਟੋ ਘੱਟ 1000 ਵਲੰਟੀਅਰ ਦਿੱਲੀ ਲੈ ਕੇ ਜਾਣ ਦੀ ਡਿਊਟੀ ਲਗਾਈ ਗਈ ਹੈ। ਭਗਵੰਤ ਮਾਨ ਨੇ ਸਾਰਾ ਧਿਆਨ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਮਾਮਲੇ ਵੱਲ ਦਿੱਤਾ ਹੋਇਆ ਪ੍ਰੰਤੂ ਦੂਜੇ ਪਾਸੇ ਭਗਵੰਤ ਮਾਨ ਦੀ ਪਾਰਟੀ ਦੇ ਸਾਥੀ ਉਹਨਾਂ ਦਾ ਸਾਥ ਛੱਡਦੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਪੰਜਾਬ ‘ਚ ਉਹਨਾਂ ਤੋਂ ਬਿਨਾਂ ਪਾਰਟੀ ਦਾ ਕੋਈ ਅਜਿਹਾ ਵੱਡਾ ਆਗੂ ਨਹੀਂ ਹੈ ਜੋ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਵਾਗਡੋਰ ਸੰਭਾਲ ਸਕੇ। ਇਹ ਵੀ ਕੋਈ ਅਤਿਕਥਨੀ ਨਹੀਂ ਕਿ ਭਗਵੰਤ ਮਾਨ ਦੀ ਰਾਜਨੀਤੀ ਵੀ ਇਹੋ ਜਿਹੀ ਰਹੀ ਕਿ ਉਹਨਾਂ ਨੇ ਕੋਈ ਆਗੂ ਪੈਦਾ ਹੀ ਨਹੀਂ ਹੋਣ ਦਿੱਤਾ। ਭਗਵੰਤ ਮਾਨ ਦਾ ਮੁੱਖ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਇਹ ਬਿਆਨ ਕਰਦਾ ਹੈ ਕਿ ਜਿਹੜਾ ਵੀ ਆਗੂ ਭਗਵੰਤ ਮਾਨ ਦੇ ਰਸਤੇ ਵਿੱਚ ਆਇਆ ਉਸ ਨੂੰ ਝਟਕਾ ਦਿੱਤਾ ਗਿਆ। ਇਹ ਕੌੜਾ ਸੱਚ ਹੈ ਕਿ ਭਗਵੰਤ ਮਾਨ ਭਾਵੇਂ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜਣ ‘ਚ ਕਾਮਯਾਬ ਰਹੇ ਪ੍ਰੰਤੂ ਇਸ ਸਫ਼ਰ ਦੌਰਾਨ ਖੁਦ ਭਗਵੰਤ ਮਾਨ ਨੇ ਜੋ ਕੰਡੇ ਆਪਣੇ ਰਸਤੇ ਵਿੱਚ ਬੀਜੇ ਉਹ ਕਿਤੇ ਨਾ ਕਿਤੇ ਚੁਗਣੇ ਹੀ ਪੈਣਗੇ। ਹੁਣ ਜਦੋਂ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੌਮੀ ਪੱਧਰ ‘ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਭਗਵੰਤ ਮਾਨ ਦੇ ਮੋਢਿਆਂ ‘ਤੇ ਰਹੇਗੀ ਤਾਂ ਪਿੱਛੇ ਪੰਜਾਬ ‘ਚ ਉਹਨਾਂ ਦੀ ਪਾਰਟੀ ਦੇ ਆਪਣੇ ਹੀ ਆਗੂ ਭਗਵੰਤ ਮਾਨ ਦੀਆਂ ਲੱਤਾਂ ਖਿੱਚਣ ਤੋਂ ਗੁਰੇਜ਼ ਨਹੀਂ ਕਰਨਗੇ ਕਿਉਂਕਿ ਇਹ ਰਾਜਨੀਤੀ ਹੈ। ਪੰਜਾਬ ‘ਚ ‘ਆਪ’ ਦੇ ਬਹੁਤੇ ਆਗੂ ਅਜਿਹੇ ਹਨ ਜਿਨਾਂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ਵੱਲ ਹੈ ਪ੍ਰੰਤੂ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਉਹਨਾਂ ਆਗੂਆਂ ਦਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਇਸ ਲਈ ਹੁਣ ਜਦੋਂ ਕਿ ਅਰਵਿੰਦ ਕੇਜਰੀਵਾਲ ਦੀ ਗ਼ੈਰ ਹਾਜ਼ਰੀ ਵਿੱਚ ਭਗਵੰਤ ਮਾਨ ਕੌਮੀ ਪੱਧਰ ‘ਤੇ ਪਾਰਟੀ ਦੀ ਜ਼ਿੰਮੇਵਾਰੀ ਚੁੱਕਣ ਲਈ ਪੰਜਾਬ ਤੋਂ ਬਾਹਰ ਹੋਣਗੇ ਤਾਂ ਪਿੱਛੇ ਪੰਜਾਬ ‘ਚ ਇਹਨਾਂ ਆਗੂਆਂ ਦੀ ਰਣਨੀਤੀ ਅਤੇ ਰਾਜਨੀਤੀ ਪੰਜਾਬ ‘ਚ ‘ਆਪ ਅਤੇ ਭਗਵੰਤ ਮਾਨ’ ਦਾ ਭਵਿੱਖ ਤੈਅ ਕਰੇਗੀ। ਇਹਨਾਂ ਆਗੂਆਂ ਵਿੱਚ ਬਹੁਤੇ ਉਹ ਵੱਡੇ ਆਗੂ ਵੀ ਹਨ ਜਿਨਾਂ ਨੂੰ ਭਗਵੰਤ ਮਾਨ ਨੇ ਪੂਰੀਆਂ ਪਾਵਰਾਂ ਦੇ ਕੇ ਵੀ ਖੁੱਡੇਲਾਈਨ ਲਗਾ ਕੇ ਰੱਖਿਆ ਹੋਇਆ ਹੈ ਜਾਂ ਫਿਰ ਪਾਵਰਾਂ ਦੇ ਕੇ ਖੋਹ ਲਈਆਂ ਹਨ ਜਾਂ ਪਾਵਰਾਂ ਦੇ ਕੇ ਘੱਟ ਕਰ ਦਿੱਤੀਆਂ ਹਨ। ਇਸ ਲਈ ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਵੇਖਣਯੋਗ ਹੋਵੇਗਾ ਕਿ ਸਮੇਂ-ਸਮੇਂ ‘ਤੇ ਭਗਵੰਤ ਮਾਨ ਵੱਲੋਂ ਸਿਆਸੀ ਤੌਰ ‘ਤੇ ‘ਝੰਬੇ’ ਗਏ ਆਪਣੀ ਹੀ ਪਾਰਟੀ ਦੇ ਆਗੂ ਆਪਣਾ ਜਲਵਾ ਕਿਵੇਂ ਵਿਖਾਉਂਦੇ ਹਨ। ਦੂਜੇ ਪਾਸੇ ਬੀਤੇ ਕੱਲ੍ਹ ਆਪ ਦੇ ਤਿੰਨ ਵਿਧਾਇਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਖੁਦ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਵੱਲੋਂ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ… ਹੁਣ ਧੂੰਆਂ ਤਾਂ ਹੀ ਨਿਕਲੇਗਾ ਜੇਕਰ ਕਿਤੇ ਅੱਗ ਲੱਗੀ ਹੋਵੇਗੀ। ਬਹਰਹਾਲ! ਲੋਕ ਸਭਾ ਚੋਣਾਂ ਦੌਰਾਨ ਮੁਲਕ ਦੀ ਰਾਜਨੀਤਿਕ ਖੇਡ ਜਿਹੋ ਜਿਹੀ ਮਰਜ਼ੀ ਹੋਵੇ ਪ੍ਰੰਤੂ ਪੰਜਾਬ ਦੀ ਰਾਜਨੀਤਿਕ ਖੇਡ ਦਿਲਚਸਪ ਤੇ ਵੇਖਣ ਯੋਗ ਹੋ ਸਕਦੀ ਹੈ ਕਿਉਂਕਿ ਹੋਰਾਂ ਪਾਰਟੀਆਂ ਦੇ ਸਿਆਸੀ ਬਾਗ ਦੀਆਂ ਬੇਰੀਆਂ ਤੋਂ ਬੇਰ ਤੋੜ ਕੇ ਖਾਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਬਾਗ ਦੀਆਂ ਬੇਰੀਆਂ ਦੇ ਬੇਰਾਂ ਵੱਲ ਇੱਟਾਂ ਰੋੜੇ ਵੱਜਣੇ ਸ਼ੁਰੂ ਹੋ ਗਏ ਹਨ।









