Gee 98News

ਚੰਡੀਗੜ੍ਹ, 29 ਮਾਰਚ, Gee98 news service
-ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪੰਜਾਬ ‘ਚੋਂ ਹੁਣ ਤੱਕ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਤੋਂ ਜ਼ਿਆਦਾ ਮਹਿਲਾਵਾਂ ਸੰਸਦ ਵਿੱਚ ਪੁੱਜੀਆਂ ਹਨ। ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਹਨ। ਇਹਨਾਂ 13 ਸੀਟਾਂ ਵਿੱਚੋਂ ਹੁਣ ਤੱਕ ਲੋਕ ਸਭਾ ਹਲਕਾ ਸੰਗਰੂਰ, ਪਟਿਆਲਾ, ਗੁਰਦਾਸਪੁਰ, ਫਰੀਦਕੋਟ, ਲੁਧਿਆਣਾ, ਹੁਸ਼ਿਆਰਪੁਰ ਅਤੇ ਬਠਿੰਡਾ ਤੋਂ ਕੁੱਲ 9 ਮਹਿਲਾਵਾਂ ਜਿੱਤ ਕੇ ਸੰਸਦ ਵਿੱਚ ਪੁੱਜੀਆਂ ਹਨ ਜਦ ਕਿ ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਅੰਮ੍ਰਿਤਸਰ ਸਾਹਿਬ,ਖਡੂਰ ਸਾਹਿਬ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਜਲੰਧਰ ਦੀਆਂ ਸੀਟਾਂ ਤੋਂ ਕਦੇ ਵੀ ਕੋਈ ਮਹਿਲਾ ਸੰਸਦ ਨਹੀਂ ਬਣ ਸਕੀ। ਪੰਜਾਬ ਦੀਆਂ ਸੀਟਾਂ ਤੋਂ ਮਹਿਲਾਵਾਂ ਦੇ ਜਿੱਤਣ ਦੀ ਜੇਕਰ ਗੱਲ ਕਰੀਏ ਤਾਂ 1967 ਦੀਆਂ ਆਮ ਚੋਣਾਂ ਵਿੱਚ ਅਕਾਲੀ ਦਲ ਦੀ ਨਿਰਲੇਪ ਕੌਰ ਨੇ ਸੰਗਰੂਰ ਅਤੇ ਕਾਂਗਰਸ ਦੀ ਮਹਿੰਦਰ ਕੌਰ ਨੇ ਪਟਿਆਲਾ ਤੋਂ ਜਿੱਤ ਪ੍ਰਾਪਤ ਕੀਤੀ ਸੀ। ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਪੰਜਾਬ ਤੋਂ ਕਈ ਮਹਿਲਾਵਾਂ ਨੇ ਇੱਕ ਤੋਂ ਵੱਧ ਵਾਰ ਵੀ ਜਿੱਤ ਪ੍ਰਾਪਤ ਕੀਤੀ ਹੈ। ਲੋਕ ਸਭਾ ਸੀਟ ਪਟਿਆਲਾ ਤੋਂ ਪਰਨੀਤ ਕੌਰ ਨੇ 1999 ‘ਚ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਇਸ ਤੋਂ ਬਾਅਦ 2004, 2009 ਅਤੇ 2019 ‘ਚ ਵੀ ਉਹ ਸੰਸਦ ਬਣੇ। ਇਸੇ ਤਰ੍ਹਾਂ ਗੁਰਦਾਸਪੁਰ ਸੀਟ ਤੋਂ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਨੇ 1980, 1984, 1989, 1991 ਅਤੇ 1996 ‘ਚ ਜਿੱਤ ਪ੍ਰਾਪਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸੀਟ ਤੋਂ ਪਹਿਲੀ ਵਾਰ 2009 ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਉਹ 2017 ਤੇ 2019 ਵਿੱਚ ਵੀ ਚੁਣੇ ਗਏ। ਫਰੀਦਕੋਟ ਸੀਟ ਤੋਂ 1980 ‘ਚ ਕਾਂਗਰਸ ਦੀ ਗੁਰਵਿੰਦਰ ਕੌਰ ਬਰਾੜ ਨੇ ਜਿੱਤ ਪ੍ਰਾਪਤ ਕੀਤੀ ਸੀ। 1989 ਚ ਲੁਧਿਆਣਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਮਾਨ ਵੀ ਰਜਿੰਦਰ ਕੌਰ ਬੁਲਾਰਾ ਨੇ ਧਮਾਕੇਦਾਰ ਜਿੱਤ ਪ੍ਰਾਪਤ ਕੀਤੀ ਸੀ। ‌ਫਰੀਦਕੋਟ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਨੇ 2009 ਵਿੱਚ ਅਤੇ ਹੁਸ਼ਿਆਰਪੁਰ ਸੀਟ ਤੋਂ ਕਾਂਗਰਸ ਦੀ ਸੰਤੋਸ਼ ਚੌਧਰੀ ਨੇ ਜਿੱਤ ਪ੍ਰਾਪਤ ਕੀਤੀ ਸੀ। ਹਰਿਆਣਾ ਤੋਂ ਹੁਣ ਤੱਕ ਕੁੱਲ 6 ਮਹਿਲਾਵਾਂ ਨੇ ਜਿੱਤ ਪ੍ਰਾਪਤ ਕਰਕੇ ਲੋਕ ਸਭਾ ‘ਚ ਕਦਮ ਰੱਖਿਆ ਹੈ। ਹਿਮਾਚਲ ਪ੍ਰਦੇਸ਼ ਤੋਂ ਹੁਣ ਤੱਕ ਤਿੰਨ ਮਹਿਲਾਵਾਂ ਸੰਸਦ ਬਣੀਆਂ ਹਨ ਜਦਕਿ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਇੱਕੋ ਇੱਕ ਮਹਿਲਾ ਕਿਰਨ ਖੇਰ ਨੇ ਜਿੱਤ ਪ੍ਰਾਪਤ ਕੀਤੀ ਹੈ। ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਨੇ ਹੁਣ ਤੱਕ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਤੋਂ ਜਿਆਦਾ 9 ਮਹਿਲਾਵਾਂ ਨੂੰ ਸੰਸਦ ਵਿੱਚ ਭੇਜਿਆ ਹੈ।

Leave a Reply

Your email address will not be published. Required fields are marked *

error: Content is protected !!