Gee 98News

ਚੰਡੀਗੜ੍ਹ,29 ਮਾਰਚ, ਨਿਰਮਲ ਸਿੰਘ ਪੰਡੋਰੀ
Gee98 news service
-ਲੋਕ ਸਭਾ ਦੀ ਸੰਗਰੂਰ ਸੀਟ ਇਸ ਵਾਰ “ਹੌਟ ਸੀਟ” ਬਣਨ ਦੇ ਆਸਾਰ ਬਣਦੇ ਜਾ ਰਹੇ ਹਨ। ਉੰਝ ਭਾਵੇਂ ਅਜੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਉਹਨਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਇਸ ਵਾਰ ਬਾਕੀ ਸੀਟਾਂ ਦੇ ਮੁਕਾਬਲੇ ਜ਼ਿਆਦਾ ਚਰਚਾ ਵਿੱਚ ਰਹੇਗੀ। ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ੱਦੀ ਜ਼ਿਲ੍ਹਾ ਹੋਣ ਦੇ ਨਾਲ ਨਾਲ ਇੱਥੋਂ ‘ਆਪ ਸਰਕਾਰ’ ਦੇ ਤਿੰਨ ਕੈਬਨਿਟ ਮੰਤਰੀ ਵੀ ਹਨ ਜਿਹਨਾਂ ਵਿੱਚੋਂ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਪਾਰਟੀ ਨੇ ਟਿਕਟ ਦੇ ਦਿੱਤੀ ਹੈ। ਨਿਰਸੰਦੇਹ,ਆਪ ਲਈ ਸੰਗਰੂਰ ਦੀ ਸੀਟ ਵਕਾਰ ਦਾ ਸਵਾਲ ਬਣੀ ਰਹੇਗੀ ਕਿਉਂਕਿ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਹੈ। ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੀ ਸਿਆਸੀ ਕਿਰਕਰੀ ਪਹਿਲਾਂ ਹੀ ਹੋ ਚੁੱਕੀ ਹੈ ਇਸ ਵਾਰ ਆਮ ਚੋਣਾਂ ‘ਚ ਪਾਰਟੀ ਜਿੱਤਣ ਲਈ ਪੂਰਾ ਤਾਣ ਲਗਾਵੇਗੀ। ਦੂਜੇ ਪਾਸੇ ਅਕਾਲੀ ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਦਾ ਚੋਣ ਲੜਨਾ ਯਕੀਨੀ ਬਣਦਾ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਵੱਲੋਂ ਇੱਕ ਅਜਿਹੇ ‘ਤਕੜੇ’ ਉਮੀਦਵਾਰ ਦੀ ਚਰਚਾ ਹੈ ਜੋ “ਮਨੀਰਾਮ” ਦੇ ਸਹਾਰੇ ਚੋਣ ਸਮੀਕਰਨ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਕਾਂਗਰਸ ਪਾਰਟੀ ਵੱਲੋਂ ਉੰਝ ਭਾਵੇਂ ਸੰਗਰੂਰ ਤੋਂ ਕਈ ਦਾਅਵੇਦਾਰ ਹਨ ਪ੍ਰੰਤੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਤੋਂ ਲੜਨ ਦੀ ਇੱਛਾ ਪ੍ਰਗਟ ਕਰਕੇ ਸੰਗਰੂਰ ਸੀਟ ਦੇ ਸਿਆਸੀ ਮਾਹੌਲ ਵਿੱਚ ਗਰਮੀ ਪੈਦਾ ਕੀਤੀ ਹੈ। ਭਾਵੇਂ ਸੰਗਰੂਰ ਤੋਂ ਆਪ ਦੇ ਉਮੀਦਵਾਰ ਮੀਤ ਹੇਅਰ ਹਨ ਪਰੰਤੂ ਜੇਕਰ ਕਾਂਗਰਸ ਵੱਲੋਂ ਖਹਿਰਾ ਚੋਣ ਮੈਦਾਨ ਵਿੱਚ ਨਿਤਰਦੇ ਹਨ ਤਾਂ ਇਹ ਭਗਵੰਤ ਮਾਨ ਅਤੇ ਖਹਿਰਾ ਦੀ ਸਿੱਧੀ ਚੋਣ ਹੋਵੇਗੀ ਕਿਉਂਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਵਾਪਰੀਆਂ ਕੁਝ ਘਟਨਾਵਾਂ ਦੇ ਕਾਰਨ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਸਵੇਰੇ ਉੱਠਣ ਸਾਰ ਦੋਵੇਂ ਇੱਕ ਦੂਜੇ ਦੀਆਂ ਤਸਵੀਰਾਂ ਨੂੰ ਟੇਢੀ ਅੱਖ ਨਾਲ ਵੇਖਦੇ ਹਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਨੇ ਜ਼ਿਮਨੀ ਚੋਣ ‘ਚ ਮਿਲੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਇਸ ਵਾਰ ਵੀ “ਮੁੱਛਾਂ ਨੂੰ ਤਾਅ” ਦਿੱਤਾ ਹੋਇਆ ਹੈ। ਬਹੁਜਨ ਸਮਾਜ ਪਾਰਟੀ ਨੇ ਅਜੇ ਆਪਣੇ ਪੱਤੇ ਨਹੀਂ ਖੋਲੇ ਪਰੰਤੂ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਬਸਪਾ ਤੇ ਅਕਾਲੀ ਦਲ ਦਾ ਦੁਬਾਰਾ ਗੱਠਜੋੜ ਹੋ ਸਕਦਾ ਹੈ। ਖੱਬੇ ਪੱਖੀ ਧਿਰਾਂ ਵੀ ਸੰਗਰੂਰ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਪਹਿਲਾਂ ਨਾਲੋਂ ਜੋਸ਼ ਨਾਲ ਲੜਨਗੀਆਂ, ਇਹ ਖੱਬੇ ਪੱਖੀ ਧਿਰਾਂ ਲਈ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਕਿਸੇ ਵੇਲੇ ਖੱਬੇ ਪੱਖੀ ਧਿਰਾਂ ਦਾ ਗੜ੍ਹ ਰਹੇ ਸੰਗਰੂਰ ਹਲਕੇ ਵਿੱਚ ਖੱਬੇ ਪੱਖੀਆਂ ਦੀ ਵੋਟ ਨੂੰ ਹਰ ਚੋਣ ਵਿੱਚ ਖੋਰਾ ਲੱਗਦਾ ਜਾ ਰਿਹਾ ਹੈ। ‌ ਲੋਕ ਸਭਾ ਹਲਕਾ ਸੰਗਰੂਰ ਵਿੱਚ ਵੋਟਰਾਂ ਦਾ ਭਮੱਕੜ ਕਿਸਮ ਦਾ ਵਰਗ ਵੀ ਹਮੇਸ਼ਾ ਚਰਚਾ ਵਿੱਚ ਰਿਹਾ ਹੈ। ਪਿਛਲੇ ਨਤੀਜੇ ਗਵਾਹੀ ਦਿੰਦੇ ਹਨ ਕਿ ਇਹਨਾਂ ਭਮੱਕੜਾਂ ਨੇ ਕਈ ਵਾਰ ਸੰਗਰੂਰ ਦੇ ਸਿਆਸੀ ਸਮੀਕਰਨ ਬਦਲੇ ਹਨ। ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਨਾਲ ਜੁੜਿਆ ਇੱਕ ਪੱਖ ਇਹ ਵੀ ਧਿਆਨ ਖਿੱਚੇਗਾ ਕਿ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਘਰ ਵਿੱਚ ਹੀ ਘੇਰਨ ਦੀ ਰਣਨੀਤੀ ਬਣਾਉਣਗੀਆਂ। ਇਸ ਲਈ ਲੋਕ ਸਭਾ ਦੀ ਸੰਗਰੂਰ ਸੀਟ ਇਸ ਵਾਰ ਪਹਿਲੀਆਂ ਚੋਣਾਂ ਨਾਲੋਂ ਜ਼ਿਆਦਾ ਚਰਚਾ ਵਿੱਚ ਰਹੇਗੀ।

Leave a Reply

Your email address will not be published. Required fields are marked *

error: Content is protected !!