Skip to main content

Gee 98News

ਸ਼ਾਇਦ ! ਸੁਖਬੀਰ ਸਿੰਘ ਬਾਦਲ ਨੂੰ ਕੰਧ ‘ਤੇ ਲਿਖਿਆ ਦਿਸਣ ਲੱਗ ਪਿਆ…ਬਦਲ ਰਿਹੈ ਸਿਆਸੀ ਸੁਭਾਅ ਤੇ ਕਾਰਜਸ਼ੈਲੀ

Gee98 news ਵਿਸ਼ੇਸ਼ ਰਿਪੋਰਟ-
ਚੰਡੀਗੜ੍ਹ, 8 ਅਪ੍ਰੈਲ, ਨਿਰਮਲ ਸਿੰਘ ਪੰਡੋਰੀ-
-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਲਏ ਜਾ ਰਹੇ ਫੈਸਲਿਆਂ ਤੋਂ ਜਾਪਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਿਆਸੀ ਸੁਭਾਅ ਬਦਲ ਲਿਆ ਹੈ। ਧਿਆਨ ਰਹੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਕਾਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਅਤੇ ਪਾਰਟੀ ਦੇ ਜਥੇਬੰਦਕ ਮਾਮਲਿਆਂ ਵਿੱਚ ਆਪਣੇ ਮਨਮਰਜ਼ੀ ਦੇ ਫੈਸਲੇ ਕੀਤੇ ਜਿਸ ਤੋਂ ਬਾਅਦ ਕਈ ਟਕਸਾਲੀ ਅਕਾਲੀ ਆਗੂਆਂ ਨੇ ਬਾਦਲ ਪਰਿਵਾਰ ਨਾਲੋਂ ਨਾਤਾ ਵੀ ਤੋੜ ਲਿਆ ਸੀ। ਇਨਾ ਆਗੂਆਂ ਨੇ ਸਿੱਧੇ ਤੌਰ ‘ਤੇ ਸੁਖਬੀਰ ਬਾਦਲ ਦੀ ਕੰਮ ਕਰਨ ਦੀ ਨੀਤੀ ‘ਤੇ ਸਵਾਲ ਖੜੇ ਕੀਤੇ ਸਨ। ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਕੰਧ ‘ਤੇ ਲਿਖਿਆ ਸਾਫ ਦਿਸਣ ਲੱਗ ਪਿਆ ਅਤੇ ਸੁਖਬੀਰ ਬਾਦਲ ਨੇ ਪਾਰਟੀ ਛੱਡ ਕੇ ਗਏ ਵੱਡੇ ਆਗੂਆਂ ਨੂੰ ਵਾਪਸ ਲਿਆਉਣ ਖਾਤਰ ਹੱਥ ਜੋੜ ਜੋੜ ਕੇ ਅਪੀਲਾਂ ਵੀ ਕੀਤੀਆਂ, ਸੁਖਬੀਰ ਦੀਆਂ ਇਹ ਅਪੀਲਾਂ ਰੰਗ ਵੀ ਲਿਆਈਆਂ ਅਤੇ ਪਾਰਟੀ ਨੂੰ ਛੱਡ ਕੇ ਗਏ ਵੱਡੇ ਆਗੂ ਵਾਪਸ ਮੁੜ ਆਏ, ਉੱਥੇ ਗਰਾਊਂਡ ਪੱਧਰ ਤੇ ਵੀ ਵਿਧਾਨ ਸਭਾ ਚੋਣਾਂ ‘ਚ ਦੱਬ ਕੇ ਝਾੜੂ ਫੇਰਨ ਵਾਲੇ ਹੇਠਲੇ ਵਰਕਰ ਵੀ ਹੁਣ ਅਕਾਲੀ ਦਲ ਦੀਆਂ ਰੈਲੀਆਂ/ਮੀਟਿੰਗਾਂ ਵਿੱਚ ਸ਼ਾਮਿਲ ਹੁੰਦੇ ਵੇਖੇ ਜਾ ਸਕਦੇ ਹਨ।

ਸੁਖਬੀਰ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਸਬੰਧੀ ਵੀ ਆਪਣੇ ਸਿਆਸੀ ਸੁਭਾਅ ਨੂੰ ਬਦਲ ਕੇ ਆਗੂਆਂ ਵਰਕਰਾਂ ਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ ਹੈ। ‌ ਇਸ ਦੀ ਇੱਕ ਤਾਜ਼ਾ ਮਿਸਾਲ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਨੂੰ ਆਗੂਆਂ ਤੇ ਵਰਕਰਾਂ ਵੱਲੋਂ ਇਤਰਾਜ਼ ਉਠਾਏ ਜਾਣ ਤੋਂ ਬਾਅਦ ਬਦਲ ਦਿੱਤਾ ਹੈ, ਜਿਨ੍ਹਾਂ ਵਿੱਚ ਲੁਧਿਆਣਾ ਦੇ ਹਲਕਾ ਆਤਮ ਨਗਰ ਦਾ ਇੰਚਾਰਜ ਜਗਬੀਰ ਸਿੰਘ ਸੋਖੀ ਨੂੰ ਲਗਾਇਆ ਹੈ ਜੋ ਕਿ ਰਾਮਗੜ੍ਹੀਆ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਹਨ,ਪਹਿਲਾਂ ਇਸ ਹਲਕੇ ਦੇ ਇੰਚਾਰਜ ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ ਸਨ। ਹਲਕਾ ਦੱਖਣੀ ਦਾ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਨੂੰ ਲਗਾਇਆ ਗਿਆ ਹੈ ਸੋ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦੇ ਸਪੁੱਤਰ ਹਨ, ਪਹਿਲਾਂ ਇਸ ਹਲਕੇ ਦੇ ਇੰਚਾਰਜ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਸਨ। ਇਸੇ ਤਰ੍ਹਾਂ ਹਲਕਾ ਸੈਂਟਰਲ ਦਾ ਇੰਚਾਰਜ ਵਿਪਨ ਸੂਦ ਕਾਕਾ ਨੂੰ ਬਣਾਇਆ ਗਿਆ ਹੈ ਜਦਕਿ ਪਹਿਲਾਂ ਇਸ ਹਲਕੇ ਦੇ ਇੰਚਾਰਜ ਪ੍ਰਧਾਨ ਪ੍ਰਿਤਪਾਲ ਸਿੰਘ ਸਨ।‌

ਸੁਖਬੀਰ ਬਾਦਲ ਦੇ ਬਦਲੇ ਕਾਰਜ ਸ਼ੈਲੀ ਤੇ ਟਿੱਪਣੀ ਕਰਦੇ ਹੋਏ ਸੰਗਰੂਰ ਦੇ ਇੱਕ ਵੱਡੇ ਅਕਾਲੀ ਆਗੂ ਨੇ ਕਿਹਾ ਕਿ ਇਹ ਦੇਰ ਆਏ ਦਰੁਸਤ ਆਏ ਵਾਂਗ ਠੀਕ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਿਆਸੀ ਸਥਿਤੀ ਲਈ ਸੁਖਬੀਰ ਦੀ ਕਾਰਜਸ਼ੈਲੀ ਹੀ ਜਿੰਮੇਵਾਰ ਹੈ ਕਿਉਂਕਿ ਉੰਝ ਤਾਂ ਭਾਵੇਂ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਵੱਡੇ ਬਾਦਲ ਸਨ ਪ੍ਰੰਤੂ ਸੁਖਬੀਰ ਦੀ ਦਖਲ ਅੰਦਾਜੀ ਲੋੜ ਤੋਂ ਜ਼ਿਆਦਾ ਸੀ ਇਥੋਂ ਤੱਕ ਕਿ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਡਿਊਟੀ ਵਿੱਚ ਦਖਲ ਦੇਣ ਦੇ ਮਾਮਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੇ ਮਾਮਲੇ ਨੂੰ ਅਤੇ ਇਸ ਤੋਂ ਬਾਅਦ ਵਾਪਰੀਆਂ ਗੋਲੀਕਾਂਡ ਦੀਆਂ ਘਟਨਾਵਾਂ ਨੂੰ ਵੀ ਵੋਟ ਬੈਂਕ ਨਾਲ ਜੋੜਿਆ ਗਿਆ ਜਦਕਿ ਉਕਤ ਮਾਮਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਅਪਣਾਈ ਗਈ ਪਹੁੰਚ ਸਿੱਖੀ ਅਤੇ ਪੰਥਕ ਸਿਧਾਂਤਾਂ ਦੇ ਬਿਲਕੁਲ ਉਲਟ ਸੀ।‌ ਉਕਤ ਆਗੂ ਨੇ ਕਿਹਾ ਕਿ ਉਕਤ ਮਾਮਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਪਣਾਈ ਗਈ ਪਹੁੰਚ ਵੱਡੇ ਬਾਦਲ ਦੀ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਦੀ ਹੀ ਕਾਰਜਸ਼ੈਲੀ ਅਨੁਸਾਰ ਸੀ ਜਿਸ ਦਾ ਖਮਿਆਜ਼ਾ ਅੱਜ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਭੁਗਤ ਰਿਹਾ ਹੈ। ‌ ਉਹਨਾਂ ਕਿਹਾ ਕਿ ਫਿਰ ਵੀ ਇਹ ਚੰਗਾ ਹੈ ਕਿ ਸੁਖਬੀਰ ਬਾਦਲ ਪਾਰਟੀ ਆਗੂਆਂ ਤੇ ਵਰਕਰਾਂ ਦੀ ਗੱਲ ਸੁਣ ਰਿਹਾ ਤੇ ਆਪਣੇ ਆਪ ਨੂੰ ਬਦਲ ਰਿਹਾ ਹੈ। ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਇਹ ਹੈ ਵੀ ਜ਼ਰੂਰੀ ਕਿਉਂਕਿ ਜੇਕਰ ਅਜੇ ਵੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਕਾਰਜਸ਼ੈਲੀ ਨਾ ਬਦਲੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਵਿੱਚ ਵੀ ਬਾਦਲ ਪਰਿਵਾਰ ਦੇ ਪੈਰ ਬਹੁਤਾ ਲੰਮਾ ਸਮਾਂ ਨਹੀਂ ਟਿਕ ਸਕਣਗੇ।

Gee98 Ads
error: Content is protected !!