ਚੰਡੀਗੜ੍ਹ,10 ਅਪ੍ਰੈਲ, Gee98 news service
-ਪੰਜਾਬ ਦੇ ਰਾਸ਼ਨ ਡਿੱਪੂ ਹੋਲਡਰਾਂ ਨੇ ਸਰਕਾਰਾਂ ਖ਼ਿਲਾਫ਼ ਲੋਕਤੰਤਰੀ ਲੜਾਈ ਲੜਨ ਦਾ ਵੱਡਾ ਫੈਸਲਾ ਲੈਂਦੇ ਹੋਏ ਚੋਣ ਮੈਦਾਨ ਵਿੱਚ ਨਿਤਰਨ ਦਾ ਐਲਾਨ ਕੀਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਰਾਜ ਡਿੱਪੂ ਹੋਲਡਰ ਫੈਡਰੇਸ਼ਨ (ਕਾਂਝਲਾ ਗਰੁੱਪ) ਨੇ ਲੋਕ ਸਭਾ ਚੋਣਾਂ ਵਿੱਚ ਪੰਜਾਬ ‘ਚ ਆਪਣੇ ਉਮੀਦਵਾਰ ਖੜੇ ਕਰਨ ਦਾ ਮਨ ਬਣਾ ਲਿਆ ਹੈ। ਡਿੱਪੂ ਹੋਲਡਰਾਂ ਦੇ ਇਸ ਫੈਸਲੇ ਨੇ ਸਿਆਸੀ ਪਾਰਟੀਆਂ ਦੇ ਖ਼ੇਮੇ ‘ਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਚਰਚਾ ਸਬੰਧੀ ਜਦ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਸੂਬਾ ਆਗੂ ਬਿੰਦਰ ਸਿੰਘ ਉਗੋਕੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮਾਰਕਫੈੱਡ ਰਾਹੀ ਨੇ ਘਰ ਘਰ ਆਟਾ ਵੰਡਣ ਦੀ ਸਕੀਮ ਲਾਗੂ ਕਰਕੇ ਉਹਨਾਂ ਦੇ ਕਾਰੋਬਾਰ ਵਿੱਚ ਸਿੱਧੀ ਲੱਤ ਮਾਰੀ ਹੈ। ਉਹਨਾਂ ਕਿਹਾ ਕਿ ਭਾਵੇਂ ਫੈਡਰੇਸ਼ਨ ਸਰਕਾਰ ਦੇ ਫੈਸਲੇ ਖ਼ਿਲਾਫ਼ ਅਦਾਲਤੀ ਲੜਾਈ ਵੀ ਲੜ ਰਹੀ ਹੈ ਪ੍ਰੰਤੂ ਅਸੀਂ ਹੁਣ ਲੋਕਤੰਤਰੀ ਮੈਦਾਨ ਵਿੱਚ ਨਿਤਰਨ ਦਾ ਫੈਸਲਾ ਵੀ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਧੱਕੇਸ਼ਾਹੀ ਨਾਲ ਸਾਡੀ ਤੱਕੜੀ ‘ਚੋਂ ਭਾਰ ਤੋਲਣ ਵਾਲੇ ਵੱਟੇ ਤਾਂ ਚੁੱਕ ਸਕਦੀਆਂ ਹਨ ਪ੍ਰੰਤੂ ਹੁਣ ਅਸੀਂ ਵੋਟਾਂ ਵਾਲੇ ਵੱਟੇ ਇਹਨਾਂ ਦੀਆਂ ਬੇੜੀਆਂ ਵਿੱਚ ਪਾਵਾਂਗੇ। ਭਾਵੇਂ ਕਿ ਡੀਪੂ ਹੋਲਡਰ ਫੈਡਰੇਸ਼ਨ ਨੇ ਇਸ ਦਾ ਰਸਮੀ ਤੌਰ ‘ਤੇ ਐਲਾਨ ਨਹੀਂ ਕੀਤਾ ਪਰੰਤੂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਡੀਪੂ ਹੋਲਡਰ ਫੈਡਰੇਸ਼ਨ ਦੇ ਉਮੀਦਵਾਰ ਨੇ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਹਲਕੇ ਸੰਗਰੂਰ ਤੋਂ ਵੀ ਡਿੱਪੂ ਹੋਲਡਰਾਂ ਦਾ ਇੱਕ ਤਕੜਾ ਉਮੀਦਵਾਰ ਮੈਦਾਨ ਵਿੱਚ ਨਿਤਰਨ ਲਈ ਬਿਲਕੁਲ ਤਿਆਰ ਬਰ ਤਿਆਰ ਹੈ। ਸੂਤਰਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਡੀਪੂ ਹੋਲਡਰਾਂ ਵੱਲੋਂ ਤਪੇ ਨਾਲ ਸੰਬੰਧਤ ਡੀਪੂ ਹੋਲਡਰ ਧਰਮਪਾਲ (ਸ਼ਹਿਰੀ ਪ੍ਰਧਾਨ) ਨੂੰ ਥਾਪੀ ਦਿੱਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਧਰਮਪਾਲ ਨੇ ਵੀ ਸੰਗਰੂਰ ਹਲਕੇ ਤੋਂ ਡੀਪੂ ਹੋਲਡਰ ਫੈਡਰੇਸ਼ਨ ਵੱਲੋਂ ਚੋਣ ਲੜਨ ਨੂੰ ਸਹਿਮਤੀ ਦੇ ਦਿੱਤੀ ਹੈ। ਸਿਆਸੀ ਮਾਹਿਰਾਂ ਅਨੁਸਾਰ ਜੇਕਰ ਡੀਪੂ ਹੋਲਡਰ ਸਿੱਧੇ ਤੌਰ ‘ਤੇ ਮੈਦਾਨ ਵਿੱਚ ਨਿਤਰਦੇ ਹਨ ਤਾਂ ਇਸ ਦਾ ਸੱਤਾਧਾਰੀ ਪਾਰਟੀ ਨੂੰ ਹੀ ਨਹੀਂ ਬਲਕਿ ਦੂਜੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਨੁਕਸਾਨ ਹੋਵੇਗਾ। ਅਦਾਰਾ Gee98 news ਨੇ ਡਿਪੂ ਹੋਲਡਰਾਂ ਵੱਲੋਂ ਲੋਕ ਸਭਾ ਦੀ ਚੋਣ ਲੜਨ ਸੰਬੰਧੀ ਚਰਚਾ ਦੀ ਜਦ ਚੀਰਫਾੜ ਕੀਤੀ ਤਾਂ ਵਿੱਚੋਂ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਕਿ ਡੀਪੂ ਹੋਲਡਰਾਂ ਨੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੱਕ ਵੀ ਪਹੁੰਚ ਕੀਤੀ ਹੈ। ਪਤਾ ਲੱਗਿਆ ਹੈ ਕਿ ਜਿਹੜੀਆਂ ਸੀਟਾਂ ‘ਤੇ ਡੀਪੂ ਹੋਲਡਰਾਂ ਦਾ ਉਮੀਦਵਾਰ ਚੋਣ ਲੜੇਗਾ ਉਥੇ ਬਹੁਜਨ ਸਮਾਜ ਪਾਰਟੀ ਡੀਪੂ ਹੋਲਡਰਾਂ ਦੇ ਉਮੀਦਵਾਰ ਦੀ ਮਦਦ ਕਰ ਸਕਦੀ ਹੈ। ਦੂਜੇ ਪਾਸੇ ਖੱਬੇ ਪੱਖੀ ਧਿਰਾਂ ਨਾਲ ਵੀ ਡੀਪੂ ਹੋਲਡਰ ਸੰਪਰਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰਾਸ਼ਨ ਵੰਡ ਪ੍ਰਣਾਲੀ ਦੇ ਨਾਲ ਬਹੁ ਗਿਣਤੀ ਲਾਭਪਾਤਰੀ ਐਸੀ ਅਤੇ ਬੀਸੀ ਸ਼੍ਰੇਣੀ ਦੇ ਜੁੜੇ ਹੋਏ ਹਨ, ਜੇਕਰ ਡੀਪੂ ਹੋਲਡਰ ਫੈਡਰੇਸ਼ਨ, ਬਸਪਾ ਅਤੇ ਖੱਬੇ ਪੱਖੀ ਧਿਰਾਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਸਮੀਕਰਨ ਵਿਗਾੜਨ ਵਾਲੀ ਖੇਡ ਬਣ ਸਕਦੀ ਹੈ।