ਬਰਨਾਲਾ 10 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-
-ਸ਼ਹਿਰ ਬਰਨਾਲਾ ਵਿੱਚ ਲੁਟੇਰਿਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਬਿਨਾਂ ਕਿਸੇ ਖ਼ੌਫ਼ ਦੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੁੱਧਵਾਰ ਐਸਡੀ ਕਾਲਜ ਦੇ ਨਾਲ ਗੋਬਿੰਦ ਕਲੋਨੀ, ਗਲੀ ਨੰਬਰ 1 ਵਿੱਚ ਇੱਕ ਘਰ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਲੁਟੇਰੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਫੁਰਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਪਾਰੀ ਕੁਸ਼ਾਲ ਗੋਇਲ ਨੇ ਦੱਸਿਆ ਕਿ ਉਹ ਬੈਂਕ ਤੋਂ 5 ਲੱਖ ਰੁਪਏ ਦੀ ਨਕਦੀ ਲੈ ਕੇ ਅਨਾਜ ਮੰਡੀ ਵਿੱਚ ਆਪਣੀ ਆੜ੍ਹਤ ਦੀ ਦੁਕਾਨ ‘ਤੇ ਗਿਆ ਜਿੱਥੇ ਕੁਝ ਪੈਸੇ ਕਿਸੇ ਨੂੰ ਦੇ ਕੇ ਬਾਕੀ ਰਕਮ ਲੈ ਕੇ ਗੋਬਿੰਦ ਕਲੋਨੀ ਗਲੀ ਨੰਬਰ 1 ਆਪਣੇ ਘਰ ਆ ਗਿਆ ਅਤੇ ਉਸਨੇ ਪੈਸਿਆਂ ਵਾਲਾ ਥੈਲਾ ਸਕੂਟਰੀ ਵਿੱਚੋਂ ਕੱਢ ਕੇ ਘਰ ਦੇ ਬਾਹਰ ਖੜੀ ਆਪਣੀ ਕਾਰ ਵਿੱਚ ਰੱਖ ਦਿੱਤਾ। ਉਹਨਾਂ ਦੱਸਿਆ ਕਿ ਉਹ ਕੁਝ ਕੁ ਸਮੇਂ ਲਈ ਹੀ ਘਰ ਦੇ ਅੰਦਰ ਗਏ ਅਤੇ ਜਦੋਂ ਵਾਪਸ ਆਏ ਤਾਂ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਕਾਰ ਵਿੱਚ ਪੈਸਿਆਂ ਵਾਲਾ ਥੈਲਾ ਗੈਪ ਸੀ। ਲੁੱਟ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਜਿਸ ਤੋਂ ਪਤਾ ਲੱਗਿਆ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨ ਕੁਝ ਸੈਕਿੰਡਾਂ ਵਿੱਚ ਹੀ ਕਾਰ ਦਾ ਸ਼ੀਸ਼ਾ ਤੋੜ ਕੇ ਪੈਸਿਆਂ ਵਾਲਾ ਥੈਲਾ ਕੱਢ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਥੈਲੇ ਵਿੱਚ 2 ਲੱਖ 70 ਹਜ਼ਾਰ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ‘ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਦੁਕਾਨ ‘ਤੇ ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਲੁੱਟ ਕੀਤੀ ਸੀ। ਸ਼ਹਿਰ ਅੰਦਰ ਬੇਖੌਫ਼ ਵਾਪਰ ਰਹੀਆਂ ਲੁੱਟ ਖੋਹ ਦੀਆਂ ਇਹਨਾਂ ਘਟਨਾਵਾਂ ਤੋਂ ਵਪਾਰੀ ਵਰਗ ਚਿੰਤਤ ਹੈ ਕਿਉਂਕਿ ਕਣਕ ਦੇ ਸੀਜ਼ਨ ਦੌਰਾਨ ਆੜਤੀਆਂ/ਵਪਾਰੀਆਂ ਨੇ ਲੱਖਾਂ ਰੁਪਏ ਦੀ ਨਗਦੀ ਦਾ ਲੈਣ ਦੇਣ ਕਰਨਾ ਹੁੰਦਾ ਹੈ, ਪਰੰਤੂ ਲੁਟੇਰੇ ਮਿੰਟਾਂ/ਸਕਿੰਟਾਂ ਵਿੱਚ ਹੀ ਵਪਾਰੀਆਂ ਨੂੰ ਵੱਡੀ ਲੁੱਟ ਲੁੱਟ ਕੇ ਕੱਖੋਂ ਹੌਲਾ ਕਰ ਜਾਂਦੇ ਹਨ।