Skip to main content

Gee 98News

ਅੱਧੀ ਰਾਤ ਕਾਲਾ ਢਿੱਲੋਂ ਦੇ ਫੋਨ ਦੀ ਖੜਕੀ ਘੰਟੀ…ਹਾਈਕਮਾਂਡ ਨੇ ਦਿੱਲੀ ਬੁਲਾਇਆ….!

ਬਰਨਾਲਾ,14 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਚੋਣਾਂ ਲਈ ਸੰਗਰੂਰ ਹਲਕੇ ਤੋਂ ਕਾਂਗਰਸ ਪਾਰਟੀ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾ ਅਨੁਸਾਰ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਮਿਲਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸਨ ਪਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਉਮੀਦਵਾਰਾਂ ਦੀ ਫਾਈਨਲ ਸੂਚੀ ਵਿੱਚ ਬਰਨਾਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਨਾਮ ਨੇ ਅਖੀਰ ਤੱਕ ਪੇਚਾ ਫਸਾ ਕੇ ਰੱਖਿਆ। ‌ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੇਰ ਸ਼ਾਮ ਤੱਕ ਸੰਗਰੂਰ ਹਲਕੇ ਤੋਂ ਕਾਂਗਰਸ ਦੀ ਸੂਚੀ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਨਾਮ ਹੀ ਸ਼ਾਮਿਲ ਸੀ।‌‌ ਭਾਵੇਂ ਕਿ ਕਾਲਾ ਢਿੱਲੋਂ ਨੂੰ ਲੋਕ ਸਭਾ ਦੀ ਟਿਕਟ ਨਹੀਂ ਮਿਲੀ ਪ੍ਰੰਤੂ ਥੋੜੇ ਸਮੇਂ ‘ਚ ਕਾਂਗਰਸ ਦੀ ਸਿਆਸੀ ਪਿੱਚ ‘ਤੇ ਆਪਣੀ ਮੌਜੂਦਗੀ ਦਾ ਅਹਿਸਾਸ ਹਾਈਕਮਾਂਡ ਨੂੰ ਕਰਵਾਉਣਾ ਵੀ ਕਾਲਾ ਢਿੱਲੋ ਦੀ ਪ੍ਰਾਪਤੀ ਹੀ ਮੰਨੀ ਜਾ ਰਹੀ ਹੈ। ਕਾਂਗਰਸ ਦੀ ਮਾਸਟਰਮਾਈਂਡ ਸੋਨੀਆ ਗਾਂਧੀ, ਕੌਮੀ ਪ੍ਰਧਾਨ ਮਲਿਕਰੁਜਨ ਖੜਗੇ ਅਤੇ ਰਾਹੁਲ ਗਾਂਧੀ ਦੀ ਨਿੱਜੀ ਸੂਚੀ ਵਿੱਚ ਕਾਲਾ ਢਿੱਲੋ ਦਾ ਨਾਮ ਦਰਜ ਹੋ ਜਾਣ ਦਾ ਇਹ ਵੀ ਇੱਕ ਵੱਡਾ ਸਬੂਤ ਹੈ ਕਿ ਸ਼ਨਿੱਚਰਵਾਰ ਦੇਰ ਸ਼ਾਮ ਸੁਖਪਾਲ ਸਿੰਘ ਖਹਿਰਾ ਦਾ ਨਾਮ ਫਾਈਨਲ ਹੋਣ ਤੋਂ ਬਾਅਦ ਵੀ ਹਾਈਕਮਾਂਡ ਨੇ ਕਾਲਾ ਢਿੱਲੋਂ ਦਾ ਨਾਮ ਯਾਦ ਰੱਖਿਆ ਤੇ ਸਨਿੱਚਰਵਾਰ ਦੇਰ ਰਾਤ ਦਿੱਲੀ ਹੈਡਕੁਆਰਟਰ ਤੋਂ ਕਾਲਾ ਢਿੱਲੋ ਨੂੰ ਫੋਨ ਕਰਕੇ ਦਿੱਲੀ ਬੁਲਾਇਆ ਗਿਆ। ਇਸ ਗੱਲ ਦੀ ਤਸਦੀਕ ਗੱਲਬਾਤ ਕਰਨ ‘ਤੇ ਖ਼ੁਦ ਕਾਲਾ ਢਿੱਲੋ ਨੇ ਵੀ ਕੀਤੀ ਕਿ ਸ਼ਨੀਵਾਰ ਦੇਰ ਰਾਤ ਹਾਈਕਮਾਂਡ ਨੇ ਫੋਨ ਕਰਕੇ ਉਹਨਾਂ ਨੂੰ ਦਿੱਲੀ ਬੁਲਾਇਆ ਤੇ ਉਹ ਅੱਜ ਐਤਵਾਰ ਦਿੱਲੀ ਜਾ ਰਹੇ ਹਨ। ਕਿਸੇ ਵੀ ਪਾਰਟੀ ਦੇ ਹਾਈ ਆਗੂਆਂ ਦੀ ਆਦਤ ਅਤੇ ਰਣਨੀਤੀ ਅਨੁਸਾਰ ਭਾਵੇਂ ਕਿ ਕਾਲਾ ਢਿੱਲੋਂ ਨੂੰ ਦਿੱਲੀ ਬੁਲਾ ਕੇ ਮਿੱਠੇ ਪੋਚੇ ਹੀ ਮਾਰੇ ਜਾਣਗੇ ਪਰੰਤੂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਸਕਦਾ ਕਿ ਲੋਕ ਸਭਾ ਦੀ ਵੱਡੀ ਚੋਣ ‘ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਵਾਲੇ ਕਾਲਾ ਢਿੱਲੋਂ ਨੂੰ ਭਵਿੱਖ ‘ਚ ਪਾਰਟੀ ਅੱਖੋਂ ਪਰੋਖੇ ਨਹੀਂ ਕਰ ਸਕੇਗੀ।

error: Content is protected !!