Skip to main content

Gee 98News

ਸੁਖਪਾਲ ਖਹਿਰਾ ਨੂੰ ਟਿਕਟ ਮਿਲਣ ਤੋਂ ਬਾਅਦ ਕਾਲਾ ਢਿੱਲੋਂ ਦੀ ਪ੍ਰਤੀਕਿਰਿਆ…ਦੋ-ਚਾਰ ਦਿਨਾਂ ‘ਚ ਵੱਡਾ ‘ਕੱਠ ਕਰਾਂਗਾ-ਢਿੱਲੋਂ

ਬਰਨਾਲਾ,16 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਆਪਣੇ ਸੀਨੀਅਰ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦੇ ਦਿੱਤੀ ਹੈ। ਸੁਖਪਾਲ ਸਿੰਘ ਖਹਿਰਾ ਨੂੰ ਜਿੱਥੇ ਇੱਕ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਉੱਥੇ ਖਹਿਰਾ ਦੇ ਬਾਹਰੀ ਉਮੀਦਵਾਰ ਹੋਣ ਦੀ ਚਰਚਾ ਵੀ ਨਾਲੋ ਨਾਲ ਹੀ ਚੱਲ ਰਹੀ ਹੈ। ਸ਼ਾਇਦ ਇਸੇ ਕਰਕੇ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਦੂਜੇ ਮਜਬੂਤ ਦਾਅਵੇਦਾਰਾਂ ਦੀਆਂ ਸਰਗਰਮੀਆਂ ‘ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ ਕਿਉਂਕਿ ਸਥਾਨਕ ਉਮੀਦਵਾਰਾਂ ਦੀਆਂ ਦਾਅਵੇਦਾਰੀਆਂ ਨੂੰ ਅੱਖੋਂ ਪਰੋਖੇ ਕਰਕੇ ਪੈਰਾਸ਼ੂਟ ਰਾਹੀਂ ਕਿਸੇ ਉਮੀਦਵਾਰ ਨੂੰ ਉਤਾਰ ਦੇਣ ਨਾਲ ਸਥਾਨਕ ਉਮੀਦਵਾਰਾਂ ਦੇ ਵਰਕਰਾਂ/ ਹਮਾਇਤੀਆਂ ਵਿੱਚ ਨਿਰਾਸ਼ਤਾ ਦੀ ਭਾਵਨਾ ਤਾਂ ਪੈਦਾ ਹੁੰਦੀ ਹੀ ਹੈ। ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਸੰਗਰੂਰ ਹਲਕੇ ‘ਚ ਚੱਲ ਰਹੀਆਂ ਵੱਖੋ ਵੱਖ ਚਰਚਾਵਾਂ ਦੇ ਦੌਰਾਨ ਟਿਕਟ ਦੇ ਇੱਕ ਮੌਜੂਦ ਦਾਅਵੇਦਾਰ ਬਰਨਾਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜਿਕਰਯੋਗ ਹੈ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿੱਚ ਟਿਕਟ ਦੇ ਦਾਅਵੇਦਾਰਾਂ ਨੂੰ ਜਦੋਂ ਟਿਕਟ ਨਹੀਂ ਮਿਲਦੀ ਤਾਂ ਉਹ ਮਿੰਟਾਂ ਸਕਿੰਟਾਂ ਵਿੱਚ ਟਪੂਸੀ ਮਾਰ ਕੇ ਦੂਜੀ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਹਨ। ਮੰਨਿਆ ਜਾ ਰਿਹਾ ਸੀ ਕਿ ਸੰਗਰੂਰ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਕਾਲਾ ਢਿੱਲੋ ਵੀ ਕੋਈ ਵੱਡਾ ਫੈਸਲਾ ਲਵੇਗਾ। ਇਹ ਚਰਚਾ ਵੀ ਜ਼ੋਰਾਂ ‘ਤੇ ਚਲਦੀ ਰਹੀ ਕਿ ਕਾਲਾ ਢਿੱਲੋਂ ਆਪਣੀਆਂ ਸਰਗਰਮੀਆਂ ਨੂੰ ਮੱਠੀਆਂ ਕਰ ਦੇਵੇਗਾ ਪ੍ਰੰਤੂ ਖਹਿਰਾ ਨੂੰ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਕਾਲਾ ਢਿੱਲੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਂਟ ‘ਤੇ ਲਾਈਵ ਹੋ ਕੇ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਇੱਕ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਦਾ ਭਾਰ ਆਪਣੇ ਮੋਢਿਆਂ ‘ਤੇ ਲੈ ਕੇ ਚੱਲੇਗਾ। ਕਾਲਾ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਅਨੁਸਾਰ ਪੰਜਾਬ ਤੋਂ 13 ਲੋਕ ਸਭਾ ਮੈਂਬਰਾਂ ਦਾ ਜਿੱਤ ਕੇ ਸੰਸਦ ਵਿੱਚ ਪੁੱਜਣਾ ਜਰੂਰੀ ਹੈ ਤਾਂ ਜੋ ਪੰਜਾਬ ਨਾਲ ਹੋ ਰਹੇ ਧੱਕੇਸ਼ਾਹੀ ਖ਼ਿਲਾਫ਼ ਤਕੜੀ ਆਵਾਜ਼ ਬੁਲੰਦ ਕੀਤੀ ਜਾ ਸਕੇ। ‌ ਉਹਨਾਂ ਕਿਹਾ ਕਿ ਟਿਕਟ ‘ਤੇ ਦਾਅਵੇਦਾਰੀ ਠੋਕਣ ਮੌਕੇ ਵੀ ਉਹਨਾਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜੇ ਟਿਕਟ ਨਾ ਵੀ ਮਿਲੀ ਤਾਂ ਵੀ ਆਪਣੇ ਨਿੱਜੀ ਹਿੱਤਾਂ ਨੂੰ ਪਾਸੇ ਰੱਖ ਕੇ ਪੰਜਾਬ ਦੇ ਹਿੱਤਾਂ ਦੇ ਸੰਦਰਭ ਵਿੱਚ ਕਾਂਗਰਸ ਪਾਰਟੀ ਦੀ ਵਫ਼ਾਦਾਰੀ ਨੂੰ ਅੱਗੇ ਰੱਖ ਕੇ ਟਿਕਟ ਮਿਲਣ ਵਾਲੇ ਉਮੀਦਵਾਰ ਦੀ ਠੋਕ ਕੇ ਮਦਦ ਕੀਤੀ ਜਾਵੇਗੀ। ਕਾਲਾ ਢਿੱਲੋਂ ਨੇ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਧਾਨਗੀ ਮਿਲਣ ਤੋਂ ਬਾਅਦ ਇਹ ਉਹਨਾਂ ਦੇ ਵਫ਼ਾਦਾਰ ਵਰਕਰਾਂ ਦੀ ਹੱਲਾਸ਼ੇਰੀ ਅਤੇ ਹਮਾਇਤ ਹੀ ਹੈ ਕਿ ਉਹ ਥੋੜੇ ਸਮੇਂ ਦੇ ਵਿੱਚ ਕਾਂਗਰਸ ਹਾਈਕਮਾਂਡ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿੱਚ ਸਫਲ ਹੋਏ ਹਨ, ਜਿਸ ਦਾ ਸਿਹਰਾ ਬਰਨਾਲਾ ਜ਼ਿਲ੍ਹੇ ਦੇ ਸਾਰੇ ਕਾਂਗਰਸੀ ਵਰਕਰਾਂ ਨੂੰ ਜਾਂਦਾ ਹੈ। ਕਾਲਾ ਢਿੱਲੋਂ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ‘ਚ ਸੁਖਪਾਲ ਸਿੰਘ ਖਹਿਰਾ ਨੂੰ ਬਰਨਾਲਾ ਵਿਖੇ ਬੁਲਾ ਕੇ ਜ਼ਿਲ੍ਹੇ ਦੀ ਸਾਰੀ ਟੀਮ ਨਾਲ ‌ਉਹਨਾਂ ਦੀ ਮੀਟਿੰਗ ਕਰਵਾ ਕੇ ਬਰਨਾਲਾ ਜ਼ਿਲ੍ਹੇ ਵਿੱਚ ਲੋਕ ਸਭਾ ਦੀਆਂ ਸਰਗਰਮੀਆਂ ਪੂਰੇ ਜ਼ੋਰਾਂ ਨਾਲ ਸ਼ੁਰੂ ਕੀਤੀਆਂ ਜਾਣਗੀਆਂ। ਕਾਲਾ ਢਿੱਲੋ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕੇ ਬਰਨਾਲਾ, ਮਹਿਲਕਲਾਂ ਤੇ ਭਦੌੜ ਤੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ ਜਾਵੇਗਾ ਤਾਂ ਜੋ ਸੱਤਾ ਦੇ ਨਸ਼ੇ ਵਿੱਚ ਚੂਰ ਆਗੂਆਂ ਨੂੰ ਆਪਣੇ ਲੋਕ ਵਿਰੋਧੀ ਚਿਹਰੇ ਨਜ਼ਰ ਆ ਸਕਣ। ‌ ਕਾਲਾ ਢਿੱਲੋਂ ਨੇ ਇਹ ਦਾਅਵਾ ਵੀ ਕੀਤਾ ਕਿ ਬਰਨਾਲਾ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ ਲੀਡ ਨਾਲ ਜਤਾਇਆ ਜਾਵੇਗਾ।

error: Content is protected !!