Skip to main content

Gee 98News

ਪੀਣ ਲਈ ਸ਼ੁੱਧ ‘ਪਾਣੀ’ ਮੰਗਦੇ ਮਰਨ ਵਰਤ ‘ਤੇ ਬੈਠੇ ਕੌਂਸਲਰ ਦੇ ਪੁੱਤਰ ਨੂੰ ਪ੍ਰਸ਼ਾਸਨ ਨੇ ‘ਜੂਸ’ ਪਿਲਾਇਆ

ਬਰਨਾਲਾ,16 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਪਿਛਲੇ ਲਗਭਗ 9-10 ਮਹੀਨਿਆਂ ਤੋਂ ਸਰਕਾਰੀ ਟੂਟੀਆਂ ‘ਚ ਪੀਣ ਵਾਲਾ ਦੂਸ਼ਿਤ ਪਾਣੀ ਆਉਣ ਦੀ ਸਮੱਸਿਆ ਦੇ ਰੋਸ ਵਜੋਂ ਮਰਨ ਵਰਤ ‘ਤੇ ਬੈਠੇ ਕੌਂਸਲਰ ਸਰੋਜ ਰਾਣੀ ਦੇ ਪੁੱਤਰ ਨੀਰਜ ਜਿੰਦਲ ਦਾ ਸੰਘਰਸ਼ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ‌ ਦੱਸ ਦੇਈਏ ਕਿ ਨੀਰਜ ਜਿੰਦਲ ਬੀਤੇ ਕੱਲ੍ਹ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਅਣਮਿਥੇ ਸਮੇਂ ਲਈ ਮਰਨ ਵਰਤ ‘ਤੇ ਬੈਠਾ ਸੀ,ਜਿਸ ਨੂੰ ਮੌਕੇ ‘ਤੇ ਪੁੱਜ ਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਹਮਾਇਤ ਦਿੱਤੀ। ਮੰਗਲਵਾਰ ਸਵੇਰੇ ਨੀਰਜ ਜਿੰਦਲ ਅਤੇ ਉਨਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਇਹ ਐਲਾਨ ਕਰ ਦਿੱਤਾ ਕਿ ਜੇਕਰ ਉਹਨਾਂ ਦੀ ਸਮੱਸਿਆ ਪ੍ਰਤੀ ਧਿਆਨ ਨਾ ਦਿੱਤਾ ਗਿਆ ਤਾਂ ਅਣਮਿਥੇ ਸਮੇਂ ਲਈ ਬਾਜ਼ਾਰ ਬੰਦ ਕਰਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮਰਨ ਵਰਤ ‘ਤੇ ਬੈਠਣਗੇ। ਇਸ ਐਲਾਨ ਦੀ ਗੂੰਜ ਜਿਉਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ ਤੱਕ ਪੁੱਜੀ ਤਾਂ ਪ੍ਰਸ਼ਾਸਨ ਦੀਆਂ ਜੜਾਂ ਹਿੱਲੀਆਂ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰੀ ਸੇਵਾਵਾਂ ਪ੍ਰਤੀ ਘੇਸਲ ਮਾਰ ਕੇ ਬੈਠੇ ਪ੍ਰਸ਼ਾਸਨ ਨੇ ਮਰਨ ਵਰਤ ਤੇ ਬੈਠੇ ਨੀਰਜ ਜਿੰਦਲ ਤੇ ਵਾਰਡ ਵਾਸੀਆਂ ਦੀ ਮੰਗ ਸਬੰਧੀ ਲਿਖਤੀ ਤੌਰ ‘ਤੇ ਇਕ ਪੱਤਰ ਡਿਊਟੀ ਮੈਜਿਸਟਰੇਟ ਸੁਸ਼ੀਲ ਕੁਮਾਰ ਨੇ ਨੀਰਜ ਜਿੰਦਲ ਨੂੰ ਸ਼ਹੀਦ ਭਗਤ ਸਿੰਘ ਦੇ ਚੌਂਕ ਵਿੱਚ ਪੁੱਜ ਕੇ ਦਿੱਤਾ। ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਇਹ ਪੱਤਰ ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰਾਂ ਵਿਭਾਗ ਦੇ ਨਾਮ ਲਿਖਿਆ ਗਿਆ ਹੈ ਜਿਸ ਦੀ ਇੱਕ ਕਾਪੀ ਅਧਿਕਾਰੀਆਂ ਨੇ ਨੀਰਜ ਜਿੰਦਲ ਨੂੰ ਦਿੱਤੀ।

ਇਸ ਪੱਤਰ ਵਿੱਚ ਡਿਪਟੀ ਕਮਿਸ਼ਨਰ ਨੇ ਚੋਣ ਜਾਬਤੇ ਦੀ ਪ੍ਰਕਿਰਿਆ ਦੌਰਾਨ ਵਾਟਰ ਸਪਲਾਈ ਦੀਆਂ ਨਵੀਆਂ ਪਾਈਪਾਂ ਪਾਉਣ ਸਬੰਧੀ ਕਾਰਵਾਈ ਸ਼ੁਰੂ ਕਰਨ ਦੀ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣ ਸਬੰਧੀ ਲਿਖਿਆ ਹੈ ਅਤੇ ਇਹੋ ਵਾਰਡ ਵਾਸੀਆਂ ਦੀ ਮੰਗ ਸੀ ਕਿਉਂਕਿ ਸਬੰਧਿਤ ਵਿਭਾਗ ਨੇ ਚੋਣ ਜਾਬਤੇ ਦੇ ਬਹਾਨੇ ਕੰਮ ਰੋਕ ਦਿੱਤਾ ਸੀ। ਲਿਖਤੀ ਤੌਰ ‘ਤੇ ਇਹ ਪੱਤਰ ਮਿਲਣ ਤੋਂ ਬਾਅਦ ਨੀਰਜ ਜਿੰਦਲ ਨੇ ਮਰਨ ਵਰਤ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਮੌਕੇ ‘ਤੇ ਪੁੱਜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨੇ ਜੂਸ ਪਿਲਾ ਕੇ ਨੀਰਜ ਜਿੰਦਲ ਦਾ ਮਰਨ ਵੱਧ ਖੁਲਵਾਇਆ। ‌ਇਸ ਮੌਕੇ ਗੱਲਬਾਤ ਕਰਦੇ ਹੋਏ ਨੀਰਜ ਜਿੰਦਲ ਨੇ ਕਿਹਾ ਕਿ ਪ੍ਰਸ਼ਾਸਨ ਦੇ ਲਿਖਤੀ ਭਰੋਸੇ ਤੋਂ ਬਾਅਦ ਉਹਨਾਂ ਨੇ ਮਰਨ ਵਰਤ ਤੋੜਿਆ ਹੈ। ਉਹਨਾਂ ਕਿਹਾ ਕਿ ਗੰਦਾ ਪਾਣੀ ਪੀ ਕੇ ਮਰਨ ਨਾਲੋਂ ਬਿਹਤਰ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਸੰਘਰਸ਼ ਕਰਦੇ ਹੋਏ ਮਰਿਯਾਦਾ ਜਾਵੇ ਇਸ ਲਈ ਜੇਕਰ ਗੰਦੇ ਪਾਣੀ ਦੀ ਇਸ ਸਮੱਸਿਆ ਪ੍ਰਤੀ ਹੋਰ ਦੇਰੀ ਹੁੰਦੀ ਹੈ ਤਾਂ ਉਹ ਸਖ਼ਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ।

error: Content is protected !!