Gee 98News

ਚੰਡੀਗੜ੍ਹ, 11 ਮਈ, Gee98 news service
-ਕੇਂਦਰੀ ਜਾਂਚ ਏਜੰਸੀ CBI ਨੇ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ, ਇੱਕ ASI ਅਤੇ ਦੋ ਮਹਿਲਾ ਕਾਂਸਟੇਬਲਾਂ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ‌ ਸੀਬੀਆਈ ਨੇ ਲੱਗਭੱਗ ਸੱਤ ਸਾਲ ਪਹਿਲਾਂ ਲੁਧਿਆਣਾ ਦੇ ਥਾਣਾ ਦੁਗਰੀ ਵਿੱਚ ਇੱਕ ਮਹਿਲਾ ਵੱਲੋਂ ਥਾਣੇ ਦੇ ਅੰਦਰ ਆਤਮਹੱਤਿਆ ਕਰਨ ਦੇ ਮਾਮਲੇ ਵਿੱਚ ਉਸ ਵੇਲੇ ਉੱਥੇ ਤਾਇਨਾਤ ਇੰਸਪੈਕਟਰ ਦਲਬੀਰ ਸਿੰਘ, ਏਐਸਆਈ ਸੁਖਦੇਵ ਸਿੰਘ, ਮਹਿਲਾ ਕਾਂਸਟੇਬਲ ਰਾਜਵਿੰਦਰ ਕੌਰ ਅਤੇ ਅਮਨਦੀਪ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੋਸ਼ੀ ਪੁਲਿਸ ਅਧਿਕਾਰੀ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਮਾਮਲੇ ਦੇ ਵੇਰਵੇ ਅਨੁਸਾਰ 3 ਅਗਸਤ 2017 ਨੂੰ ਥਾਣਾ ਦੁਗਰੀ ਦੀ ਪੁਲਿਸ ਵੱਲੋਂ ਰਮਨਦੀਪ ਕੌਰ ਅਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਨੂੰ ਥਾਣੇ ਦੀਆਂ ਵੱਖ ਵੱਖ ਬੈਰਕਾਂ ਵਿੱਚ ਰੱਖਿਆ ਗਿਆ ਸੀ। 4 ਅਗਸਤ 2017 ਨੂੰ ਰਮਨਦੀਪ ਕੌਰ ਨੇ ਥਾਣੇ ਦੇ ਬਾਥਰੂਮ ਵਿੱਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਸੀ। ਰਮਨਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਮਾਮਲੇ ‘ਚ ਪੁਲਿਸ ਸੂਤਰਾਂ ਅਨੁਸਾਰ ਰਮਨਦੀਪ ਕੌਰ ਕ੍ਰੈਡਿਟ ਕਾਰਡ ਅਤੇ ਹੋਰ ਵੱਖ ਵੱਖ ਤਰੀਕਿਆਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦੀ ਮੈਂਬਰ ਸੀ ਜਿਸ ਉੱਪਰ ਮੋਹਾਲੀ ਅਤੇ ਹੋਰ ਵੱਖ-ਵੱਖ ਥਾਣਿਆਂ ‘ਚ ਕਈ ਅਪਰਾਧਿਕ ਮਾਮਲੇ ਦਰਜ ਸਨ। ਅਜਿਹੇ ਇੱਕ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਉਸ ਨੂੰ 3 ਅਗਸਤ 2017 ਨੂੰ IPC ਦੀ ਧਾਰਾ 379, 420, 465, 467, 468, 471,201,120 B ਅਤੇ ਆਈਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ ਪ੍ਰੰਤੂ ਪੁਲਿਸ ਹਿਰਾਸਤ ਦੌਰਾਨ ਹੀ ਥਾਣੇ ਦੇ ਬਾਥਰੂਮ ਵਿੱਚ ਰਮਨਦੀਪ ਕੌਰ ਨੇ ਆਤਮ ਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਰਮਨਦੀਪ ਕੌਰ ਦੇ ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ‌ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਆਈਪੀਐਸ ਅਫਸਰ ਨੀਰਜਾ (ਉਸ ਵੇਲੇ ਰੋਪੜ ਰੇਂਜ ਦੇ IG) ਉਪਿੰਦਰਜੀਤ ਸਿੰਘ ਘੁੰਮਣ (ਬਟਾਲਾ ਦੇ SP) ਦੀ ਅਗਵਾਈ ਹੇਠ SIT ਦਾ ਗਠਨ ਵੀ ਕੀਤਾ ਸੀ ਪ੍ਰੰਤੂ ਰਮਨਦੀਪ ਕੌਰ ਦਾ ਪਰਿਵਾਰ ਸਿੱਟ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੋਇਆ ਅਤੇ ਉਹਨਾਂ ਨੇ ਸੀਬੀਆਈ ਦੀ ਜਾਂਚ ਲਈ ਹਾਈਕੋਰਟ ਤੱਕ ਪਹੁੰਚ ਕੀਤੀ। ‌ ਹਾਈਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਕੇਸ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਜਸਟਿਸ ਪੰਕਜ ਜੈਨ ਨੇ ਸੀਬੀਆਈ ਨੂੰ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਅਤੇ ਹਾਈ ਕੋਰਟ ਦੇ ਹੁਕਮਾਂ ‘ਤੇ ਸੀਬੀਆਈ ਨੇ ਸ਼ੁੱਕਰਵਾਰ ਉਕਤ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ।

Leave a Reply

Your email address will not be published. Required fields are marked *

error: Content is protected !!