Gee 98News

ਚੰਡੀਗੜ੍ਹ, 14 ਮਈ, Gee98 news service
-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਬੀਬੀ ਜਗੀਰ ਕੌਰ ਦੀ ਠੋਡੀ ਉੱਤੇ ਹੱਥ ਲਾਉਣ ਸਬੰਧੀ ਵਾਇਰਲ ਵੀਡੀਓ ਦੇ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਚੰਨੀ ਨੂੰ ਜਾਰੀ ਕੀਤੇ ਨੋਟਿਸ ਨੇ ਚੋਣਾਂ ਦੇ ਮਾਹੌਲ ਦੀ ਗਰਮੀ ‘ਚ ਸਿਆਸਤ ਨੂੰ ਹੋਰ ਗਰਮਾ ਦਿੱਤਾ ਹੈ। ਦੱਸ ਦੇਈਏ ਕਿ ਮਹਿਲਾ ਕਮਿਸ਼ਨ ਨੇ ਜਿੱਥੇ ਇਸ ਮਾਮਲੇ ਵਿੱਚ ਚੰਨੀ ਨੂੰ ਨੋਟਿਸ ਜਾਰੀ ਕੀਤਾ ਉਥੇ ਪੰਜਾਬ ਦੇ ਡੀਜੀਪੀ ਤੋਂ ਸਟੇਟਸ ਰਿਪੋਰਟ ਦੀ ਮੰਗ ਵੀ ਕਰ ਲਈ ਹੈ। ‌ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਹਿਲਾ ਕਮਿਸ਼ਨ ਵੱਲੋਂ ਚੰਨੀ ਨੂੰ ਜਾਰੀ ਕੀਤੇ ਨੋਟਿਸ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ‌ ਜਦ ਬੀਬੀ ਜਗੀਰ ਕੌਰ ਨੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਤਾਂ ਇਸ ਮਾਮਲੇ ਵਿੱਚ ਨੋਟਿਸ ਕਿਵੇਂ ਜਾਰੀ ਕਰ ਦਿੱਤਾ ਗਿਆ। ਖੁਦ ਬੀਬੀ ਜਗੀਰ ਕੌਰ ਨੇ ਵੀ ਇਸ ਮਾਮਲੇ ਵਿੱਚ ਸਾਹਮਣੇ ਆ ਕੇ ਬਿਆਨ ਜਾਰੀ ਕਰ ਦਿੱਤਾ ਹੈ ਕਿ ਉਹਨਾਂ ਨੇ ਮਹਿਲਾ ਕਮਿਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਮਹਿਲਾ ਕਮਿਸ਼ਨ ਵੱਲੋਂ ਚੰਨੀ ਨੂੰ ਜਾਰੀ ਕੀਤੇ ਨੋਟਿਸ ਦੀ ਸੋਸ਼ਲ ਮੀਡੀਆ ‘ਤੇ ਵੀ ਖੂਬ ਚਰਚਾ ਹੋ ਰਹੀ ਹੈ, ਜਿੱਥੇ ਆਮ ਲੋਕਾਂ ਦੀਆਂ ਵੱਖ ਵੱਖ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ ਜਿਨਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ‘ਚ ਰੋਜ਼ਾਨਾ ਮਹਿਲਾਵਾਂ ਅਤੇ ਲੜਕੀਆਂ ਉੱਪਰ ਜਬਰ ਅਤੇ ਜ਼ੁਲਮ ਦੀਆਂ ਸੈਂਕੜੇ ਘਟਨਾਵਾਂ ਵਾਪਰ ਰਹੀਆਂ ਹਨ ਜਿਨਾਂ ਦਾ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਨਹੀਂ ਲਿਆ ਜਾ ਰਿਹਾ। ‌ ਕੁਝ ਟਿੱਪਣੀਆਂ ਅਜਿਹੀਆਂ ਵੀ ਹਨ ਕਿ ਬਲਾਤਕਾਰ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਬਲਾਤਕਾਰ ਦੀਆਂ ਸ਼ਿਕਾਰ ਮਹਿਲਾਵਾਂ ਅਤੇ ਲੜਕੀਆਂ ਦਰ ਦਰ ਭਟਕ ਰਹੀਆਂ ਹਨ, ਇਹਨਾਂ ਵਿੱਚੋਂ ਬਹੁਤੀਆਂ ਸ਼ਿਕਾਇਤਾਂ ਮਹਿਲਾ ਕਮਿਸ਼ਨ ਦੇ ਦਫ਼ਤਰ ਤੱਕ ਵੀ ਪੁੱਜਦੀਆਂ ਹਨ ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਸੋਸ਼ਲ ਮੀਡੀਆ ‘ਤੇ ਟਿੱਪਣੀਆਂ ‘ਚ ਆਮ ਲੋਕਾਂ ਦਾ ਕਹਿਣਾ ਹੈ ਕਿ ਮਹਿਲਾ ਕਮਿਸ਼ਨ ਨੂੰ ਚੰਨੀ ਅਤੇ ਬੀਬੀ ਜਗੀਰ ਕੌਰ ਦੇ ਮਾਮਲੇ ‘ਚ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਚੰਨੀ ਤੇ ਬੀਬੀ ਜਗੀਰ ਕੌਰ ਦੀ ਉਮਰ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਸੀ। ‌ ਮਹਿਲਾ ਕਮਿਸ਼ਨ ਦੇ ਨੋਟਿਸ ‘ਤੇ ਇਸ ਕਰਕੇ ਵੀ ਕਿੰਤੂ ਪ੍ਰੰਤੂ ਹੋ ਰਹੇ ਹਨ ਕਿਉਂਕਿ ਚੰਨੀ ਦੀ ਹਰਕਤ ਵਿੱਚ ਕਿਧਰੇ ਵੀ ਵਾਸ਼ਨਾ ਦਾ ਸੰਕੇਤ ਨਹੀਂ ਹੈ। ‌ ਬੀਬੀ ਜਗੀਰ ਕੌਰ ਨੇ ਵੀ ਮਹਿਲਾ ਕਮਿਸ਼ਨ ਵੱਲੋਂ ਚੰਨੀ ਨੂੰ ਜਾਰੀ ਕੀਤੇ ਨੋਟਿਸ ‘ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਠੋਡੀ ਨੂੰ ਹੱਥ ਲਾਉਣ ਵਾਲੇ ਛੋਟੇ ਜਿਹੇ ਵੀਡੀਓ ਕਲਿੱਪ ਨੂੰ ਸ਼ਰਾਰਤਪੂਰਨ ਢੰਗ ਨਾਲ ਵਾਇਰਲ ਕੀਤਾ ਜਾ ਰਿਹਾ ਜਦਕਿ ਇਸ ਤੋਂ ਪਹਿਲਾਂ ਚੰਨੀ ਨੇ ਉਹਨਾਂ ਨੂੰ ਪੂਰਾ ਝੁੱਕ ਕੇ ਪ੍ਰਣਾਮ ਕੀਤਾ ਅਤੇ ਉਹਨਾਂ ਦੇ ਦੋਵੇਂ ਹੱਥ ਫੜ ਕੇ ਆਪਣੇ ਮੱਥੇ ਨੂੰ ਲਗਾਏ, ਬੀਬੀ ਜੰਗੀਰ ਕੌਰ ਨੇ ਕਿਹਾ ਕਿ ਇਹ ਚੰਨੀ ਦੇ ਮੇਰੇ ਪ੍ਰਤੀ ਸਤਿਕਾਰ ਦੀ ਇੱਕ ਹੱਦ ਸੀ ਪਰੰਤੂ ਇਸ ਵੀਡੀਓ ਕਲਿੱਪ ਨੂੰ ਕੱਟ ਕੇ ਸਿਰਫ਼ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਜਾਣ ਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਹੈ। ਬਹਰਹਾਲ ਉਕਤ ਮਾਮਲੇ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਕਿ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਵਰਤੀ ਇੱਕ ਘਟਨਾ ਨੂੰ ਰਾਜ ਮਹਿਲਾ ਕਮਿਸ਼ਨ ਨੇ ਅਸ਼ਲੀਲਤਾ ਦੀ ਤਰਾਜ਼ੂ ਵਿੱਚ ਕਿਵੇਂ ਤੋਲ ਦਿੱਤਾ।

Leave a Reply

Your email address will not be published. Required fields are marked *

error: Content is protected !!