Gee 98News

ਚੰਡੀਗੜ੍ਹ, 14 ਮਈ, Gee98 news service
-ਪੰਜਾਬ ਪੁਲਿਸ ਦੇ 10 ਮੁਲਾਜ਼ਮਾਂ ਦੇ ਖ਼ਿਲਾਫ਼ ਰਾਜਸਥਾਨ ਦੀ ਜੋਧਪੁਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੰਜਾਬ ਪੁਲਿਸ ਦੇ ਜਿਨਾਂ ਮੁਲਾਜ਼ਮਾਂ ਖ਼ਿਲਾਫ਼ ਜੋਧਪੁਰ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਉਹਨਾਂ ਵਿੱਚ ਇੰਦਰਜੀਤ ਸਿੰਘ, ਏਐਸਆਈ ਸੁਬੇਗ ਸਿੰਘ, ਮਨਿੰਦਰ ਸਿੰਘ, ਗੁਰਪਿੰਦਰ ਸਿੰਘ, ਸੁਖਦੀਪ ਸਿੰਘ, ਬਸੰਤ ਲਾਲ, ਧਨਵੰਤ ਸਿੰਘ, ਹਰਪ੍ਰੀਤ ਕੌਰ, ਸਤਨਾਮ ਸਿੰਘ, ਰਾਜ ਕੁਮਾਰ ਦੇ ਨਾਮ ਸ਼ਾਮਿਲ ਹਨ ਅਤੇ ਇਹ ਸਾਰੇ ਮੁਲਾਜ਼ਮ ਲੁਧਿਆਣਾ ਜ਼ਿਲ੍ਹੇ ਵਿੱਚ ਤਾਇਨਾਤ ਹਨ। ਰਾਜਸਥਾਨ ਪੁਲਿਸ ਨੇ ਇਹਨਾਂ ਦੇ ਖ਼ਿਲਾਫ਼ ਅਗਵਾ, ਜਬਰੀ ਵਸੂਲੀ, ਜਾਅਲਸਾਜੀ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਝੂਠੇ ਸਬੂਤ ਪੇਸ਼ ਕਰਨ ਸਬੰਧੀ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ‌ ਇਨਾਂ ਮੁਲਾਜ਼ਮਾਂ ਖ਼ਿਲਾਫ਼ ਜੋਧਪੁਰ ਦੇ ਕਸਬਾ ਝਾਂਵਰ ਦੇ ਨੌਜਵਾਨ ਮਨਵੀਰ ਨੂੰ ਅਗਵਾ ਕਰਨ ਅਤੇ ਉਸਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਹਨ। ਪੰਜਾਬ ਪੁਲਿਸ ਨੇ ਉਕਤ ਮਨਵੀਰ ਨਾਮ ਦੇ ਨੌਜਵਾਨ ਤੋਂ ਦੋ ਕਿਲੋ ਅਫੀਮ ਬਰਾਮਦ ਹੋਣ ਸਬੰਧੀ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਉਸ ਨੂੰ ਡਾਬਾ ਰੋਡ ਤੋਂ ਗ੍ਰਿਫਤਾਰ ਕੀਤਾ ਵਿਖਾਇਆ ਗਿਆ ਹੈ। ‌ਮਨਵੀਰ ਦੇ ਖ਼ਿਲਾਫ਼ ਇਹ ਮੁਕੱਦਮਾ ਪੰਜਾਬ ‘ਚ ਦਰਜ ਹੋਣ ਤੋਂ ਬਾਅਦ ਉਸਦੇ ਪਿਤਾ ਭੀਖਾ ਰਾਮ ਵਾਸੀ ਝਾਂਵਰ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਜੋਧਪੁਰ ਪੁਲਿਸ ਨੂੰ ਦੱਸਿਆ ਕਿ 6 ਮਾਰਚ ਨੂੰ ਉਸ ਦਾ ਲੜਕਾ ਮਨਵੀਰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਕੋਚਿੰਗ ਲਈ ਜੈਪੁਰ ਜਾ ਰਿਹਾ ਹੈ, ਪਰ ਬਾਅਦ ਵਿੱਚ ਉਸ ਦਾ ਮੋਬਾਈਲ ਬੰਦ ਹੋ ਗਿਆ।ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਧਿਆਣਾ ਪੁਲਿਸ ਨੇ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ ਕਰਕੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ। ਮਨਵੀਰ ਦੇ ਪਿਤਾ ਨੇ ਜੋਧਪੁਰ ਪੁਲਿਸ ਨੂੰ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਉਸ ਨੂੰ ਡਾਬਾ ਰੋਡ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੁਧਿਆਣਾ ਪੁਲਿਸ ਨੇ ਉਨ੍ਹਾਂ ਦੇ ਲੜਕੇ ਨੂੰ ਝਾਂਵਰ ਇਲਾਕੇ ਵਿੱਚੋਂ ਅਗਵਾ ਕਰਕੇ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਨੇ ਉਸ ਨੂੰ ਕੇਸ ਵਿੱਚ ਫਸਾਉਣ ਲਈ ਝੂਠੇ ਸਬੂਤ ਵੀ ਪੇਸ਼ ਕੀਤੇ। ਪਰਿਵਾਰ ਨੇ ਵੱਖ-ਵੱਖ ਟੋਲ ਪਲਾਜ਼ਿਆਂ ਦੀ ਸੀਸੀਟੀਵੀ ਫੁਟੇਜ ਹਾਸਲ ਕੀਤੀ। ਇਨ੍ਹਾਂ ‘ਚ ਮਨਵੀਰ ਪੁਲਿਸ ਵਾਲਿਆਂ ਨਾਲ ਕਾਰ ‘ਚ ਰਾਜਸਥਾਨ ਤੋਂ ਪੰਜਾਬ ਜਾਂਦੇ ਹੋਏ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *

error: Content is protected !!