Gee 98News

ਬਰਨਾਲਾ, 14 ਮਈ, Gee98 news service
-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਵਿਖੇ ਪਿਛਲੇ ਦਿਨੀਂ ਇੱਕ ਖੇਤ ਵਿੱਚ ਮੋਟਰ ਤੇ ਪਿੰਡ ਮਿੱਠੇਵਾਲ ਦੇ ਨੌਜਵਾਨ ਅਭਿਜੀਤ ਸਿੰਘ ਦੀ ਓਵਰਡੋਜ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਭਾਵੇਂ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਪ੍ਰੰਤੂ ਲੋਕਾਂ ਵੱਲੋਂ ਇਸ ਸਾਰੀ ਕਾਰਵਾਈ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਉੱਘੇ ਸਮਾਜ ਸੇਵੀ ਅਤੇ ਨੌਜਵਾਨ ਆਗੂ ਕਰਮ ਉੱਪਲ ਨੇ ਅਦਾਰਾ Gee98 news ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਮ੍ਰਿਤਕ ਨੌਜਵਾਨ ਦੀ ਬਾਂਹ ਵਿੱਚ ਸਰਿੰਜ ਲੱਗੀ ਹੋਈ ਮਿਲੀ ਹੈ ਤਾਂ ਪੁਲਿਸ ਨੇ ਸਰਿੰਜ ਵਿਚਲੇ ਨਸ਼ੇ ਦੀ ਸਪਲਾਈ ਚੇਨ ਤੱਕ ਪੁੱਜਣ ਦਾ ਯਤਨ ਕਿਉਂ ਨਹੀਂ ਕੀਤਾ। ‌ਕਰਮ ਉੱਪਲ ਨੇ ਇਸ ਸਾਰੇ ਮਾਮਲੇ ਵਿੱਚ ਦੋ ਕਿਸਾਨ ਯੂਨੀਅਨਾਂ ਦੇ ਆਗੂਆਂ ਦੀ ਭੂਮਿਕਾ ‘ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਨਸ਼ੇ ਦੇ ਮੁੱਦੇ ‘ਤੇ ਸਰਕਾਰਾਂ ਨੂੰ ਪਾਣੀ ਪੀ-ਪੀ ਕੇ ਕੋਸਣ ਵਾਲੀਆਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਚਿਤ ਕਾਰਵਾਈ ਲਈ ਪੁਲਿਸ ‘ਤੇ ਦਬਾਅ ਬਣਾਉਣ ਦੀ ਬਜਾਏ ਨੌਜਵਾਨ ਪੁੱਤਰ ਦੀ ਮੌਤ ਦੇ ਦੁੱਖ ਨਾਲ ਝੰਬੇ ਦੁਖੀ ਬਾਪ ਨੂੰ ਕਥਿਤ ਸਮਝੌਤੇ ਲਈ ਨਿੰਦਣਯੋਗ ਭੂਮਿਕਾ ਅਦਾ ਕੀਤੀ ਜਿਸ ਤੋਂ ਬਾਅਦ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਕਰਮ ਉੱਪਲ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਬੀਕੇਯੂ ਕਾਦੀਆਂ ਤੇ ਬੀਕੇਯੂ ਡਕੌਂਦਾ ਦੇ ਸਥਾਨਕ ਆਗੂਆਂ ਵੱਲੋਂ ਨਿਭਾਈ ਭੂਮਿਕਾ ਸਬੰਧੀ ਯੂਨੀਅਨ ਦੇ ਉੱਚ ਆਗੂਆਂ ਨਾਲ ਵੀ ਗੱਲ ਕਰਨਗੇ। ਉਹਨਾਂ ਦੁੱਖ ਪ੍ਰਗਟ ਕੀਤਾ ਕਿ ਕੁਝ ਕਿਸਾਨ ਯੂਨੀਅਨਾਂ ਵੀ ਰਾਜਨੀਤਿਕ ਸਾਂਚੇ ਵਿੱਚ ਹੀ ਢਲਦੀਆਂ ਜਾ ਰਹੀਆਂ ਹਨ। ਕਰਮ ਉੱਪਲ ਨੇ ਕਿਹਾ ਕਿ ਨਸ਼ੇ ਦੇ ਮੁੱਦੇ ‘ਤੇ ਰਵਾਇਤੀ ਪਾਰਟੀਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਸੱਤਾ ਵਿੱਚ ਆਈ ਪਾਰਟੀ ਦੇ ਸਥਾਨਕ ਆਗੂਆਂ ਨੇ ਵੀ ਓਵਰਡੋਜ਼ ਨਾਲ ਮਰੇ ਨੌਜਵਾਨ ਦੀ ਲਾਸ਼ ਦਾ ਸਸਕਾਰ “ਫਟਾਫਟ” ਕਰਵਾਉਣ ਲਈ ਕਥਿਤ ਸਮਝੌਤੇ ਵਿੱਚ ਨਿੰਦਣਯੋਗ ਭੂਮਿਕਾ ਅਦਾ ਕੀਤੀ ਹੈ।‌ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 9 ਮਈ 2024 ਨੂੰ ਪਿੰਡ ਕੁਰੜ ਦੇ ਇੱਕ ਨੌਜਵਾਨ ਦੀ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਨੇੜੇ ਓਵਰਡੋਜ਼ ਨਾਲ ਮੌਤ ਹੋਈ ਸੀ ਜਿਸ ਸਬੰਧੀ ਬਰਨਾਲਾ ਪੁਲਿਸ ਨੇ ਪਿੰਡ ਕੁਰੜ ਦੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।‌ ਨੌਜਵਾਨ ਆਗੂ ਕਰਮ ਉੱਪਲ ਨੇ ਕਿਹਾ ਕਿ ਸੰਕੇਤਾਂ ਦੇ ਬਾਵਜੂਦ ਵੀ ਪੁਲਿਸ ਨੇ ਕੜੀ ਨਾਲ ਕੜੀ ਜੋੜਨ ਦੀ ਬਜਾਏ 174 ਦੀ ਕਾਰਵਾਈ ਕਰਨੀ ਹੀ ਉਚਿਤ ਸਮਝੀ, ਜਦਕਿ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *

error: Content is protected !!