Gee 98News

ਬਰਨਾਲਾ, 15 ਮਈ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਵਪਾਰੀ ਵਰਗ ਤੇ ਕਿਸਾਨ ਜਥੇਬੰਦੀ ਦੇ ਵਿਚਕਾਰ ਇੱਕ ਇਮੀਗਰੇਸ਼ਨ ਸੈਂਟਰ ਦੇ ਮਾਮਲੇ ਵਿੱਚ ਪੈਦਾ ਹੋਇਆ ਵਿਵਾਦ ਸੁਲਝਣ ਦੀ ਬਜਾਏ ਹੋਰ ਉਲਝਦਾ ਜਾ ਰਿਹਾ ਹੈ। ਬੁੱਧਵਾਰ ਵਪਾਰ ਮੰਡਲ ਨੇ ਲੱਗਭੱਗ ਸਾਰਾ ਬਰਨਾਲਾ ਸ਼ਹਿਰ ਮੁਕੰਮਲ ਬੰਦ ਕਰਕੇ ਜੋੜੇ ਪੈਟਰੋਲ ਪੰਪਾਂ ਕੋਲ ਧਰਨਾ ਦਿੱਤਾ। ਇਸ ਮੌਕੇ ਵਪਾਰ ਮੰਡਲ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵਪਾਰੀਆਂ ਨੂੰ ਹਮਾਇਤ ਦਿੱਤੀ ਅਤੇ ਕਿਸਾਨ ਜਥੇਬੰਦੀ ਬੀਕੇਯੂ ਡਕੌਂਦਾ ਬੁਰਜਗਿਲ ਗਰੁੱਪ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿੰਦਾ ਕੀਤੀ। ਖ਼ਬਰ ਲਿਖੇ ਜਾਣ ਤੱਕ ਵੀ ਵਪਾਰ ਮੰਡਲ ਦਾ ਸ਼ਾਂਤਮਈ ਧਰਨਾ ਜਾਰੀ ਸੀ। ਦੂਜੇ ਪਾਸੇ ਇਸ ਮਾਮਲੇ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਚੁੱਪ ਹੈਰਾਨੀਜਨਕ ਹੈ। ਭਾਵੇਂ ਕਿ ਵਪਾਰੀਆਂ ਵੱਲੋਂ ਧਰਨਾ ਸ਼ਾਂਤਮਈ ਦਿੱਤਾ ਜਾ ਰਿਹਾ ਹੈ ਪ੍ਰੰਤੂ ਵਪਾਰੀਆਂ ਦੇ ਧਰਨੇ ਵਿੱਚ ਕੁਝ ਆਗੂਆਂ ਦੇ ਭਾਸ਼ਣ ਦੀ ਇਬਾਰਤ ਤੋਂ ਲੱਗਦਾ ਹੈ ਕਿ ਇਹ ਚਿੰਗਾੜੀ ਸੁਲਗਦੀ ਜਾ ਰਹੀ ਹੈ। ਵਪਾਰੀ ਆਗੂਆਂ ਦੇ ਧਰਨੇ ਵਿੱਚ ਲੈਕਚਰ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਇੱਕ ਇਮੀਗਰੇਸ਼ਨ ਸੈਂਟਰ ਤੇ ਇੱਕ ਪਰਿਵਾਰ ਤੋਂ ਸ਼ੁਰੂ ਹੋਇਆ ਇਹ ਵਿਵਾਦ ਕਿਸਾਨ ਯੂਨੀਅਨ ਦੀ ਦਖ਼ਲ ਅੰਦਾਜੀ ਤੋਂ ਬਾਅਦ ਇੱਕ ਸਮਾਜਿਕ ਵਿਵਾਦ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।

ਜੇਕਰ ਇਸ ਵਿਵਾਦ ਬਾਰੇ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਸੱਤਾਧਾਰੀ ਪਾਰਟੀ ਸਮੇਤ ਲੱਗਭੱਗ ਸਾਰੀਆਂ ਪਾਰਟੀਆਂ ਵੱਲੋਂ ਚੁੱਪਧਾਰੀ ਹੋਈ ਹੈ ਕਿਉਂਕਿ ਜੇਕਰ ਉਹ ਕਿਸਾਨ ਜਥੇਬੰਦੀ ਦੇ ਹੱਕ ‘ਚ ਬੋਲਦੇ ਹਨ ਤਾਂ ਸ਼ਹਿਰ ਦਾ ਵਪਾਰੀ ਵਰਗ ਤੇਵਰ ਤਿੱਖੇ ਕਰ ਲਵੇਗਾ ਅਤੇ ਜੇਕਰ ਸਿਆਸੀ ਆਗੂ ਵਪਾਰੀ ਵਰਗ ਦੇ ਹੱਕ ‘ਚ ਬੋਲਦੇ ਹਨ ਤਾਂ ਪਿੰਡਾਂ ‘ਚ ਕਿਸਾਨ ਜਥੇਬੰਦੀ ਦੇ ਆਗੂਆਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਵੀ ਇਸ ਮਾਮਲੇ ਪ੍ਰਤੀ ਹੁਣ ਤੱਕ ਉਸਾਰੂ ਪਹੁੰਚ ਨਹੀਂ ਅਪਣਾ ਸਕਿਆ ਤਾਂ ਜੋ ਸਮਾਜਿਕ ਵਿਵਾਦ ਦਾ ਕਾਰਨ ਬਣਦੇ ਜਾ ਰਹੇ ਇਸ ਮੁੱਦੇ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਵਪਾਰੀ ਵਰਗ ਵੱਲੋਂ ਦਿੱਤਾ ਜਾ ਰਿਹਾ ਧਰਨਾ ਭਾਵੇਂ ਮੁਢਲੀ ਨਜ਼ਰੇ ਇੱਕ ਰੋਸ ਧਰਨਾ ਲੱਗ ਰਿਹਾ ਪ੍ਰੰਤੂ ਇਹ ਇੱਕ ਚਿੰਗਾੜੀ ਹੈ ਜਿਸ ਦਾ ਤਾਪਮਾਨ ਧਰਨੇ ਵਿੱਚ ਕੁਝ ਆਗੂਆਂ ਦੇ ਗਰਮ ਲੈਕਚਰ ਤੋਂ ਵੱਧ ਰਿਹਾ ਹੈ ਪ੍ਰੰਤੂ ਇਹ ਸਭ ਕੁਝ ਜਾਣਦੇ ਹੋਏ ਵੀ ਪ੍ਰਸ਼ਾਸਨ ਸਿਰ੍ਹਾਣੇ ਥੱਲ੍ਹ ਬਾਂਹ ਦੇ ਕੇ ਸੁੱਤਾ ਹੋਇਆ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਦੀ ਚੁੱਪ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਅਜਿਹੇ ਮਾਮਲੇ ਵਿੱਚ ਸ਼ਾਂਤਮਈ ਅਤੇ ਨਿਡਰ ਚੋਣਾਂ ਕਿਵੇਂ ਹੋਣਗੀਆਂ ਜਦ ਸਾਰਾ ਸ਼ਹਿਰ ਇੱਕ ਕਿਸਾਨ ਜਥੇਬੰਦੀ ਅਤੇ ਵਪਾਰੀ ਵਰਗ ਦੇ ਆਪਸੀ ਤਣਾਅ ਦੇ ਬਾਰੂਦ ਦੀ ਢੇਰੀ ‘ਤੇ ਬੈਠਾ ਹੋਵੇ।

Leave a Reply

Your email address will not be published. Required fields are marked *

error: Content is protected !!