Gee 98News

ਬਰਨਾਲਾ,15 ਮਈ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਵਿਖੇ ਇੱਕ ਕਿਸਾਨ ਜਥੇਬੰਦੀ ਅਤੇ ਵਪਾਰੀ ਵਰਗ ਵਿੱਚ ਪੈਦਾ ਹੋਇਆ ਟਕਰਾਅ ਖਤਮ ਹੋਣ ਦੀ ਬਜਾਏ ਵੱਧਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀ ਬੀਕੇਯੂ ਡਕੌਂਦਾ (ਬੁਰਜ ਗਿੱਲ ਗਰੁੱਪ) ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਸਮੁੱਚੇ ਵਪਾਰੀ ਵਰਗ ਨੇ ਅੱਜ ਬੁੱਧਵਾਰ ਸਾਰਾ ਬਰਨਾਲਾ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਹੈ। ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਨਾਣਾ ਨੇ ਕਿਹਾ ਕਿ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਅਤੇ ਜੇਕਰ ਕੋਈ ਦੁਕਾਨਦਾਰ ਆਪਣੀ ਦੁਕਾਨ ਖੋਲੇਗਾ ਤਾਂ ਉਹ ਆਪਣੇ ਵਾਧੇ-ਘਾਟੇ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ ਉਸ ਦਾ ਸਮੁੱਚੇ ਤੌਰ ‘ਤੇ ਵਪਾਰੀ ਵਰਗ ਵੱਲੋਂ ਬਾਈਕਾਟ ਵੀ ਕੀਤਾ ਜਾਵੇਗਾ। ਪ੍ਰਧਾਨ ਅਨਿਲ ਕੁਮਾਰ ਨਾਣਾ ਨੇ ਕਿਹਾ ਕਿ ਸ਼ਹਿਣਾ ਦੇ ਇੱਕ ਪਰਿਵਾਰ ਅਤੇ ਬਰਨਾਲਾ ਦੇ ਇਮੀਗ੍ਰੇਸ਼ਨ ਸੈਂਟਰ ਦੇ ਵਿਚਕਾਰ ਪੈਦਾ ਹੋਇਆ ਵਿਵਾਦ ਐਨਾ ਵੱਡਾ ਨਹੀਂ ਸੀ ਜਿੰਨਾ ਵੱਡਾ ਕਿਸਾਨ ਜਥੇਬੰਦੀ ਨੇ ਬਣਾ ਦਿੱਤਾ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਬਰਾਬਰ ਸਰਕਾਰ ਚਲਾ ਰਹੀਆਂ ਹਨ ਜੋ ਕਿਸਾਨੀ ਮੁੱਦਿਆਂ ਤੋਂ ਹਟ ਕੇ ਅਜਿਹੇ ਮਾਮਲਿਆਂ ਵਿੱਚ ਸਿੱਧੇ ਤੌਰ ‘ਤੇ ਦਖਲਅੰਦਾਜ਼ੀ ਅਤੇ ਧੱਕੇਸ਼ਾਹੀ ਕਰ ਰਹੀਆਂ ਹਨ ਜਿਨਾਂ ਨੂੰ ਕਾਨੂੰਨੀ ਤੌਰ ‘ਤੇ ਵੀ ਹੱਲ ਕੀਤਾ ਜਾ ਸਕਦਾ ਹੈ। ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕਰੋਨਾ ਕਾਲ ਤੋਂ ਲੈ ਕੇ ਵਪਾਰੀ ਵਰਗ ਨੇ ਬਹੁਤ ਆਰਥਿਕ ਨੁਕਸਾਨ ਝੱਲਿਆ ਹੈ, ਉੱਪਰੋਂ ਇਹ ਬੇਲੋੜੇ ਧਰਨੇ ਅਤੇ ਕੁਝ ਲੋਕਾਂ ਦੀ ਧੱਕੇਸ਼ਾਹੀ ਵਪਾਰੀ ਵਰਗ ਨੂੰ ਡਰਾ ਰਹੀ ਹੈ ਪ੍ਰੰਤੂ ਹੁਣ ਅਜਿਹੇ ਲੋਕਾਂ ਤੋਂ ਡਰਨ ਦੀ ਲੋੜ ਨਹੀਂ। ਉਹਨਾਂ ਕਿਹਾ ਕਿ ਅਸੀਂ ਡਰ ਕੇ ਮਰਨ ਦੀ ਬਜਾਏ ਲੜ ਕੇ ਮਰਨਾ ਬਿਹਤਰ ਸਮਝਾਂਗੇ। ਉਹਨਾਂ ਕਿਹਾ ਕਿ ਹੁਣ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਇਮੀਗ੍ਰੇਸ਼ਨ ਅਤੇ ਸ਼ਹਿਣਾ ਦੇ ਇੱਕ ਪਰਿਵਾਰ ਦੇ ਵਿਵਾਦ ਸਬੰਧੀ ਪ੍ਰਧਾਨ ਨੇ ਕਿਹਾ ਕਿ ਜੇਕਰ ਕੋਈ ਮਾਮਲਾ ਹੈ ਵੀ ਤਾਂ ਉਸਨੂੰ ਕਾਨੂੰਨੀ ਤੌਰ ‘ਤੇ ਨਜਿੱਠਿਆ ਜਾ ਸਕਦਾ ਹੈ। ਜੇ ਇਮੀਗ੍ਰੇਸ਼ਨ ਸੈਂਟਰ ਦੀ ਕੋਈ ਗ਼ਲਤੀ ਹੈ ਤਾਂ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਸਕਦਾ ਹੈ ਪ੍ਰੰਤੂ ਇਹ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ ਕਿ ਕਿਸੇ ਦੇ ਕਾਰੋਬਾਰ ਅੱਗੇ, ਦੁਕਾਨ ਅੱਗੇ ਜਾ ਕੇ ਧਰਨਾ ਲਗਾ ਕੇ ਉਸ ਦਾ ਕਾਰੋਬਾਰ ਠੱਪ ਕੀਤਾ ਜਾਵੇ ਅਤੇ ਆਮ ਲੋਕਾਂ ਦੇ ਨੱਕ ‘ਚ ਦਮ ਕੀਤਾ ਜਾਵੇ।

Leave a Reply

Your email address will not be published. Required fields are marked *

error: Content is protected !!