Gee 98News

ਚੰਡੀਗੜ੍ਹ,17 ਮਈ, Gee98 news service
-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਸ ਵੇਲੇ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦ ਵੀਰਵਾਰ ਸ਼ਾਮ ਉਹ ਲੁਧਿਆਣਾ ਦੇ ਇੱਕ ਖੇਤਰ ‘ਚ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਇੱਕ ਔਰਤ ਨੇ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ। ‌ਰਾਜਾ ਵੜਿੰਗ ਦੇ ਨਾਲ ਸਿਮਰਜੀਤ ਸਿੰਘ ਬੈਂਸ ਵੀ ਸਨ ਅਤੇ ਵਿਰੋਧ ਕਰਨ ਵਾਲੀ ਉਹੀ ਔਰਤ ਸੀ ਜਿਸ ਨੇ ਸਿਮਰਜੀਤ ਬੈਂਸ ‘ਤੇ ਬਲਾਤਕਾਰ ਦੇ ਦੋਸ਼ ਲਗਾਏ ਸਨ ਤੇ ਇਸ ਮਾਮਲੇ ‘ਚ ਬੈਂਸ ਜੇਲ੍ਹ ਵੀ ਜਾ ਚੁੱਕੇ ਹਨ। ‌ ਸਿਮਰਜੀਤ ਬੈਂਸ ‘ਤੇ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਔਰਤ ਨੂੰ ਜਦ ਭਿਣਕ ਲੱਗੀ ਕਿ ਰਾਜਾ ਵੜਿੰਗ ਸਿਮਰਜੀਤ ਬੈਂਸ ਨਾਲ ਚੋਣ ਪ੍ਰਚਾਰ ਕਰਨ ਆ ਰਿਹਾ ਤਾਂ ਉਹ ਪਹਿਲਾਂ ਹੀ ਪ੍ਰਚਾਰ ਵਾਲੀ ਜਗ੍ਹਾ ‘ਤੇ ਪੁੱਜ ਗਈ, ਜਦੋਂ ਰਾਜਾ ਵੜਿੰਗ ਅਤੇ ਸਿਮਰਜੀਤ ਬੈਂਸ ਪੁੱਜੇ ਤਾਂ ਔਰਤ ਨੇ ਜ਼ਬਰਦਸਤ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਔਰਤ ਨੂੰ ਉਥੋਂ ਹਟਾਉਣ ਦੇ ਯਤਨ ਵੀ ਕੀਤੇ ਪਰ ਉਹ ਲਗਾਤਾਰ ਵਿਰੋਧ ਕਰਦੀ ਰਹੀ ਅਤੇ ਨਾਅਰੇ ਲਗਾਉਂਦੀ ਰਹੀ। ਜ਼ਿਕਰ ਯੋਗ ਹੈ ਕਿ ਬਲਾਤਕਾਰ ਦਾ ਇਹ ਮਾਮਲਾ ਸਿਮਰਜੀਤ ਬੈਂਸ ਲਈ ਵੱਡੀਆਂ ਸਿਆਸੀ ਪਰੇਸ਼ਾਨੀਆਂ ਲੈ ਕੇ ਆਇਆ ਸੀ ਜਿਸ ਦਾ ਸੇਕ ਸਿਮਰਜੀਤ ਬੈਂਸ ਨੂੰ ਹੁਣ ਤੱਕ ਵੀ ਲੱਗ ਰਿਹਾ ਹੈ। ‌ ਹੁਣ ਜਦੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਸਿਮਰਜੀਤ ਬੈਂਸ ਨੂੰ ਨਾਲ ਲੈ ਕੇ ਲੁਧਿਆਣਾ ਖੇਤਰ ਵਿੱਚ ਚੋਣ ਪ੍ਰਚਾਰ ਕਰਨ ਜਾਂਦੇ ਹਨ ਤਾਂ ਬੈਂਸ ‘ਤੇ ਲੱਗੇ ਬਲਾਤਕਾਰ ਦੇ ਮਾਮਲੇ ਦਾ ਸੇਕ ਰਾਜਾ ਵੜਿੰਗ ਨੂੰ ਵੀ ਲੱਗ ਰਿਹਾ ਹੈ। ਦੱਸ ਦੇਈਏ ਕਿ ਸਿਮਰਜੀਤ ਬੈਂਸ ਆਪਣੇ ਭਰਾ ਬਲਵਿੰਦਰ ਸਿੰਘ ਬੈਂਸ ਸਮੇਤ ਕੁਝ ਦਿਨ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ‌

Leave a Reply

Your email address will not be published. Required fields are marked *

error: Content is protected !!