Gee 98News

ਚੰਡੀਗੜ੍ਹ,20 ਮਈ, Gee98 news service
-ਲੋਕ ਸਭਾ ਚੋਣਾਂ ਦੌਰਾਨ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ‘ਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੇ ਵਿਰੋਧ ਨੇ ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ ‘ਚ ਗੜਬੜ ਪੈਦਾ ਕਰ ਦਿੱਤੀ ਹੈ। ਦਰਅਸਲ ਆਪ ਆਗੂਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਵੇਖਣ ਵਿੱਚ ਆ ਰਿਹਾ ਹੈ ਕਿ ਜਿਹੜੇ ਲੋਕ ਸਭਾ ਹਲਕਿਆਂ ਤੋਂ ਪੰਜਾਬ ਦੇ ਪੰਜ ਕੈਬਨਿਟ ਮੰਤਰੀ ਚੋਣ ਲੜ ਰਹੇ ਹਨ, ਉੱਥੇ ਪ੍ਰਚਾਰ ਦੌਰਾਨ ਇਹਨਾਂ ਕੈਬਨਿਟ ਮੰਤਰੀਆਂ/ਉਮੀਦਵਾਰਾਂ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‌ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਲੋਕਾਂ ਤੋਂ ਦੂਰ ਰਹਿਣ ਕਾਰਨ ਚੋਣ ਪ੍ਰਚਾਰ ਦੌਰਾਨ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‌ ਕੁਝ ਹਲਕਿਆਂ ਦੇ ਵਿਧਾਇਕ ਜਿਹੜੇ 2022 ਦੀਆਂ ਚੋਣਾਂ ਵਿੱਚ ਸੱਚੀਮੁੱਚੀ ‘ਆਮ ਘਰਾਂ ਦੇ ਕਾਕੇ’ ਸਨ ਪ੍ਰੰਤੂ 25 ਕੁ ਮਹੀਨਿਆਂ ਬਾਅਦ ਉਹ ‘ਖਾਸ ਘਰਾਂ ਦੇ ਕਾਕੇ’ ਬਣ ਗਏ, ਅਜਿਹੇ ਵਿਧਾਇਕਾਂ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ‘ਤੇ ਵੀ ਲੋਕ ਸਵਾਲ ਚੁੱਕਣ ਲੱਗੇ ਹਨ। ‌ ਜਿਹੜੇ ਤਿੱਖੇ ਸਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਮੱਥੇ ‘ਚ ਵੱਜ ਰਹੇ ਹਨ ਉਹਨਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ‘ਤੇ ਐਨਐਸਏ ਲਗਾਉਣ ਦਾ ਮੁੱਦਾ, ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਦਾ ਮੁੱਦਾ, ਪੰਜਾਬ ‘ਚ ਚਿੱਟੇ ਨਾਲ ਹੋ ਰਹੀਆਂ ਮੌਤਾਂ ਸਬੰਧੀ ਤਿੱਖੇ ਸਵਾਲ, ਸੂਬੇ ‘ਚ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਸਬੰਧੀ ਸਵਾਲ, ਜਾਇਦਾਦ ਦੀ ਰਜਿਸਟਰੀ ਦੇ ਮਾਮਲੇ ਚ ਐਨਓਸੀ ਸਬੰਧੀ ਸਵਾਲ, ਸਰਕਾਰੀ ਦਫਤਰਾਂ ਵਿੱਚ ਕੁਰੱਪਸ਼ਨ ਸਬੰਧੀ ਸਵਾਲ, ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣਾ ਅਤੇ ਬੇਰੁਜ਼ਗਾਰਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਦੇ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਸੱਥਾਂ ਵਿੱਚ ‌ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪ ਆਗੂ ਸੋਚ ਰਹੇ ਹਨ ਕਿ ਲੋਕ ਸ਼ਾਇਦ ਭਾਜਪਾ ਨੂੰ ਹੀ ਸਵਾਲ ਕਰਨਗੇ ਪ੍ਰੰਤੂ ਹੁਣ ਜਦੋਂ ਲੋਕ ਆਪ ਆਗੂਆਂ ਨੂੰ ਸੱਤਾਂ ਵਿੱਚ ਘੇਰ ਰਹੇ ਹਨ ਤਾਂ ਲੋਕਾਂ ਦੇ ਸਵਾਲ ਆਪ ਆਗੂਆਂ ਨੂੰ ਸੱਜਣ ਵੱਲੋਂ ਮਾਰੇ ਫੁੱਲ ਵਾਂਗ ਤਕਲੀਫ ਦੇ ਰਹੇ ਹਨ ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਨੇੜੇ ਵਿਚਰਨ ਦੀ ਬਜਾਏ ਵੱਡੇ ਰੋਡ ਸ਼ੋਅ ਹੀ ਕਰ ਰਹੇ ਹਨ ਜਿਸ ਦੌਰਾਨ ਇੰਨੇ ਕੁ ਜ਼ਿਆਦਾ ਪੁਲਿਸ ਪ੍ਰਬੰਧ ਕੀਤੇ ਜਾਂਦੇ ਹਨ ਕਿ ਮੁੱਖ ਮੰਤਰੀ ਨੂੰ ਸਵਾਲ ਪੁੱਛਣੇ ਤਾਂ ਦੂਰ ਦੀ ਗੱਲ ਆਮ ਲੋਕ ਮੁੱਖ ਮੰਤਰੀ ਦੇ ਨੇੜੇ ਵੀ ਨਹੀਂ ਜਾ ਸਕਦੇ। ‌ ਮੁੱਖ ਮੰਤਰੀ ਦੇ ਰੋਡ ਸ਼ੋਅ ਦੌਰਾਨ ਕੁਝ ਇੱਕ ਅਜਿਹੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ ਜਿੱਥੇ ਪੁਲਿਸ ਵਾਲੇ ਲੋਕਾਂ ਨੂੰ ਜਬਰਦਸਤੀ ਦੂਰ ਧੱਕ ਰਹੇ ਹਨ ਅਤੇ ਇਥੋਂ ਤੱਕ ਕਿ ਕੁੱਟਮਾਰ ਵੀ ਕਰ ਰਹੇ ਹਨ। ‌ ਭਾਵੇਂ ਕਿ ਆਮ ਆਦਮੀ ਪਾਰਟੀ ਸਵਾਲ ਕਰਨ ਵਾਲੇ ਲੋਕਾਂ ਨੂੰ ਦੂਜੀਆਂ ਪਾਰਟੀਆਂ ਦੇ ਏਜੰਟ ਕਹਿ ਕੇ ਪੱਲਾ ਛੁਡਾ ਰਹੀ ਹੈ ਪ੍ਰੰਤੂ ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਆਪ ਦੇ ਉੱਚ ਆਗੂ ਲੋਕਾਂ ਦੇ ਇਸ ਵਿਹਾਰ ਤੋਂ ਡਾਹਢਾ ਔਖੇ ਹਨ ਅਤੇ ਲੋਕਾਂ ਦੇ ਤਿੱਖੇ ਸਵਾਲਾਂ ਨੇ ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ ਵਿਗਾੜ ਕੇ ਰੱਖ ਦਿੱਤੀ ਹੈ। ‌ ਭਰੋਸੇਯੋਗ ਸੂਤਰਾਂ ਅਨੁਸਾਰ 25 ਮਈ ਤੋਂ ਬਾਅਦ ਪੰਜਾਬ ਦੇ ਵਿੱਚ ਦਿੱਲੀ ਟੀਮ ਪੱਕੇ ਤੌਰ ‘ਤੇ ਡੇਰੇ ਲਗਾ ਰਹੀ, ਜਿਸ ਤੋਂ ਬਾਅਦ ਪੰਜਾਬ ‘ਚ ਆਪ ਉਮੀਦਵਾਰਾਂ ਦੀ ਚੋਣ ਰਣਨੀਤੀ ਨੂੰ ਨਵੇਂ ਸਿਰੇ ਤੋਂ ਰਿਵਿਊ ਕੀਤਾ ਜਾਵੇਗਾ। ਇਸ ਕੰਮ ਲਈ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਪੰਜਾਬ ਡੇਰੇ ਲਗਾ ਵੀ ਲਏ ਹਨ। ‌

Leave a Reply

Your email address will not be published. Required fields are marked *

error: Content is protected !!