Gee 98News

ਬਰਨਾਲਾ,22 ਮਈ, Gee98 news service
-ਲੋਕ ਸਭਾ ਹਲਕਾ ਸੰਗਰੂਰ ਵਿੱਚ ਚੋਣ ਸਰਗਰਮੀਆਂ ਸਿਖਰਾਂ ‘ਤੇ ਪੁੱਜੀਆਂ ਹੋਈਆਂ ਹਨ। ਚੋਣ ਪ੍ਰਚਾਰ ਆਖ਼ਰੀ ਹਫ਼ਤੇ ਵਿੱਚ ਦਾਖਲ ਹੋ ਚੁੱਕਿਆ ਹੈ, ਇਥੋਂ ਜਿਹੜਾ ਉਮੀਦਵਾਰ ਅੱਗੇ ਨਿਕਲ ਗਿਆ ਉਹ ਬਾਜ਼ੀ ਮਾਰ ਜਾਵੇਗਾ। ਪਿੰਡਾਂ ਤੇ ਸ਼ਹਿਰਾਂ ਵਿੱਚ ਚੋਣ ਮੀਟਿੰਗਾਂ/ਰੈਲੀਆਂ ਕਰਨ ਦੇ ਨਾਲ ਨਾਲ ਉਮੀਦਵਾਰਾਂ ਵੱਲੋਂ ਅੰਦਰਖ਼ਾਤੇ ਵੀ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਹਨ। ਇਹ ਕਿਸੇ ਇੱਕ ਪਾਰਟੀ ਦੇ ਨਾਰਾਜ਼ ਵਰਕਰਾਂ ਨੂੰ ਦੂਜੀ ਪਾਰਟੀ ਵਾਲੇ ਪਲਕਾਂ ‘ਤੇ ਬਿਠਾ ਰਹੇ ਹਨ। ਦੂਜੇ ਪਾਸੇ ਸੰਗਰੂਰ ਹਲਕੇ ਦੀ ਚੋਣ ਨਾਲ ਜੁੜਿਆ ਇੱਕ ਅਜਿਹਾ ਪੱਖ ਵੀ ਸਾਹਮਣੇ ਆ ਰਿਹਾ ਹੈ ਜਿਸ ਨੇ ਮੁਕਾਬਲੇ ਵਿੱਚ ਚੱਲ ਰਹੇ ਮੁੱਖ ਉਮੀਦਵਾਰਾਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਇਹ ਪੱਖ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਡਸਾ ਨੂੰ ਟਿਕਟ ਨਾ ਦੇਣ ਕਰਕੇ ਢੀਂਡਸਾ ਪਰਿਵਾਰ ਪੂਰੀ ਤਰ੍ਹਾਂ ਚੁੱਪ ਧਾਰੀ ਬੈਠਾ ਹੈ ਅਤੇ ਉਹਨਾਂ ਦੇ ਸਮਰਥਕ ਵੀ ਆਪਣੇ ਵੱਡੇ ਸਾਹਿਬ ਦੇ ਇਸ਼ਾਰੇ ਦੀ ਉਡੀਕ ਵਿੱਚ ਹਨ। ‌ ਸੰਗਰੂਰ ਹਲਕੇ ਵਿੱਚ ਢੀਂਡਸਾ ਧੜੇ ਦੀਆਂ ਵੋਟਾਂ ਸਬੰਧੀ ਸ਼ੋਸ਼ਲ ਮੀਡੀਆ ‘ਤੇ ਵੀ ਦਿਲਚਸਪ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਤਾਜ਼ਾ ਤਾਜ਼ਾ ਬਣੀ ਸਾਂਢੂ ਦੀ ਰਿਸ਼ਤੇਦਾਰੀ ਦਾ ਮਾਣ ਰੱਖਣਗੇ ਪ੍ਰੰਤੂ ਕੁਝ ਲੋਕਾਂ ਦਾ ਵਿਚਾਰ ਹੈ ਕਿ ਭਗਵੰਤ ਮਾਨ ਵੱਲੋਂ ਲੋਕ ਸਭਾ ਦੀਆਂ ਚੋਣਾਂ ‘ਚ ਢੀਂਡਸਾ ਪਰਿਵਾਰ ਨੂੰ ਹਰਾਉਣ ਤੋਂ ਬਾਅਦ ਢੀਂਡਸਾ ਪਰਿਵਾਰ ‘ਤੇ ਕੀਤੀਆਂ ਨਿੱਜੀ ਟਿੱਪਣੀਆਂ ਅਜੇ ਵੀ ਢੀਂਡਸਾ ਪਰਿਵਾਰ ਦੇ ਯਾਦ ਹਨ ਅਤੇ ਵੱਡੇ ਢੀਂਡਸਾ ਸਾਹਿਬ ਇਹਨਾਂ ਇਤਰਾਜ਼ਯੋਗ ਟਿੱਪਣੀਆਂ ਕਰਕੇ ਭਗਵੰਤ ਮਾਨ ਨੂੰ ਸਬਕ ਸਿਖਾਉਣ ਲਈ ਲੋਕ ਸਭਾ ਚੋਣਾਂ ਵਿੱਚ ਸੁਖਪਾਲ ਸਿੰਘ ਖਹਿਰਾ ਉੱਪਰ ਮਿਹਰਬਾਨੀ ਕਰ ਸਕਦੇ ਹਨ। ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਅਤੇ ਅਰਵਿੰਦ ਖੰਨਾ ਦੀ ਗੱਲ ਹੈ ਇਹ ਬਹੁਤ ਘੱਟ ਲੋਕ ਮੰਨਦੇ ਹਨ ਕਿ ਢੀਂਡਸਾ ਧੜ੍ਹੇ ਦੀ ਵੋਟ ਮਾਨ ਅਤੇ ਅਰਵਿੰਦ ਖੰਨੇ ਨੂੰ ਪਵੇਗੀ। ‌ ਭਾਵੇਂ ਕਿ ਸੰਗਰੂਰ ਤੋਂ ਮੁੱਖ ਮੁਕਾਬਲੇ ਵਿੱਚ ਚੱਲ ਰਹੇ ਤਿੰਨ ਉਮੀਦਵਾਰਾਂ ਨੇ ਸ਼ਾਮਲਾਟ ਜ਼ਮੀਨ ਵਾਂਗੂ ਢੀਂਡਸਾ ਧੜ੍ਹੇ ਦੀਆਂ ਵੋਟਾਂ ‘ਤੇ ਅੱਖ ਜ਼ਰੂਰ ਰੱਖੀ ਹੋਈ ਹੈ ਪ੍ਰੰਤ ਢੀਂਡਸਾ ਸਾਹਿਬ ਦੀ ਸਿਆਸੀ ਮਿਹਰਬਾਨੀ ਦਾ ਪਾਤਰ ਕਿਹੜਾ ਉਮੀਦਵਾਰ ਬਣੇਗਾ ਇਹ ਵੋਟਾਂ ਤੋਂ ਪਹਿਲਾਂ ਹੀ ਸਾਹਮਣੇ ਆ ਜਾਵੇਗਾ।

Leave a Reply

Your email address will not be published. Required fields are marked *

error: Content is protected !!