Gee 98News

ਚੰਡੀਗੜ੍ਹ, 23 ਮਈ, Gee98 news service
-ਕੈਨੇਡਾ ਰਹਿੰਦੇ ਆਪਣੇ ਬੱਚਿਆਂ ਕੋਲ ਪੱਕੇ ਤੌਰ ‘ਤੇ ਆਉਣ ਦੇ ਇੱਛਕ ਮਾਪਿਆਂ ਨੂੰ ਪੀ.ਆਰ. ਦੇਣ ਵਾਸਤੇ ਸੱਦੇ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਿਨਸ਼ਿਪ ਵਿਭਾਗ ਵੱਲੋਂ ਆਉਂਦੇ ਦੋ ਹਫਤੇ ਦੌਰਾਨ 35,700 ਸੱਦੇ ਸੱਦੇ ਭੇਜੇ ਜਾਣਗੇ ਜਿਨ੍ਹਾਂ ਵਿਚੋਂ 20,500 ਬਿਨੈਕਾਰਾਂ ਦੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਪੀ.ਆਰ. ਦਿਤੀ ਜਾਵੇਗੀ।
ਇੰਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਸੱਦੇ ਸਾਲ 2020 ਵਿਚ ਇੱਛਾ ਦਾ ਪ੍ਰਗਟਾਵਾ ਦਾਖਲ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਭੇਜੇ ਜਾ ਰਹੇ ਹਨ। ਬਿਨੈਕਾਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਈਮੇਲ ਲਗਾਤਾਰ ਚੈਕ ਕਰਦੇ ਰਹਿਣ। ਪੇਰੈਂਟਸ ਐਂਡ ਗਰੈਂਡ ਪੇਰੈਂਟਸ ਯੋਜਨਾ ਅਧੀਨ ਦੋ ਜਣਿਆਂ ਦਾ ਪਰਵਾਰ ਹੋਣ ਦੀ ਸੂਰਤ ਵਿਚ 2020 ਦੇ ਟੈਕਸ ਵਰ੍ਹੇ ਦੌਰਾਨ ਘੱਟੋ ਘੱਟ ਸਾਲਾਨਾ ਆਮਦਨ 32,270 ਡਾਲਰ, 2021 ਦੇ ਟੈਕਸ ਵਰ੍ਹੇ ਦੌਰਾਨ 32,898 ਡਾਲਰ ਅਤੇ 2022 ਦੇ ਟੈਕਸ ਵਰ੍ਹੇ ਦੌਰਾਨ ਸਾਲਾਨਾ ਆਮਦਨ 44,530 ਹੋਣੀ ਚਾਹੀਦੀ ਹੈ। ਤਿੰਨ ਜਣਿਆਂ ਦਾ ਪਰਵਾਰ ਹੋਣ ਦੀ ਸੂਰਤ ਵਿਚ ਤਿੰਨ ਸਾਲ ਦੀ ਆਮਦਨ ਕ੍ਰਮਵਾਰ 39,672 ਡਾਲਰ, 40,444 ਡਾਲਰ ਅਤੇ 54,730 ਡਾਲਰ ਹੋਣੀ ਲਾਜ਼ਮੀ ਹੈ। ਚਾਰ ਜੀਆਂ ਦਾ ਪਰਵਾਰ ਹੋਣ ਦੀ ਸੂਰਤ ਵਿਚ ਪਿਛਲੇ ਵਰ੍ਹੇ ਦੀ ਘੱਟੋ ਘੱਟ ਸਾਲਾਨਾ ਆਮਦਨ 66,466 ਡਾਲਰ ਹੋਣੀ ਚਾਹੀਦੀ ਹੈ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਪ੍ਰਵਾਸੀ ਵੱਲੋਂ ਸਾਲ 2020 ਦੌਰਾਨ ਸਪੌਂਸਰ ਬਣਨ ਦੀ ਇੱਛਾ ਜ਼ਾਹਰ ਕੀਤੀ ਗਈ ਪਰ 2021, 2022 ਜਾਂ 2023 ਵਿਚ ਉਸ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਨਹੀਂ ਮਿਲਿਆ ਤਾਂ ਉਹ ਚਾਰ ਸਾਲ ਪਹਿਲਾਂ ਇੰਮੀਗ੍ਰੇਸ਼ਨ ਵਿਭਾਗ ਨੂੰ ਮੁਹੱਈਆ ਕਰਵਾਇਆ ਆਪਣਾ ਈਮੇਲ ਅਕਾਊਂਟ ਦੁਬਾਰਾ ਜ਼ਰੂਰ ਚੈਕ ਕਰ ਲਵੇ ਕਿਉਂਕਿ ਇਸ ਵਾਰ ਵੀ ਸੱਦਾ ਪੱਤਰ ਪਹੁੰਚ ਸਕਦਾ ਹੈ। ਦੂਜੇ ਪਾਸੇ ਮਾਪਿਆਂ ਨੂੰ ਸੱਦਣ ਲਈ ਇੱਛਾ ਦਾ ਪ੍ਰਗਟਾਵਾ ਨਾ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸਹੂਲਤ ਲੈ ਸਕਦੇ ਹਨ। ਸੁਪਰ ਵੀਜ਼ਾ ਅਧੀਨ ਬਿਨੈਕਾਰ ਦੇ ਮਾਪੇ ਲਗਾਤਾਰ ਪੰਜ ਸਾਲ ਤੱਕ ਕੈਨੇਡਾ ਵਿਚ ਰਹਿਣ ਦੇ ਹੱਕਦਾਰ ਹੁੰਦੇ ਹਨ ਅਤੇ ਇਸ ਮਿਆਦ ਵਿਚ ਦੋ ਸਾਲ ਦਾ ਵਾਧਾ ਵੱਖਰੇ ਤੌਰ ‘ਤੇ ਕਰਵਾਇਆ ਜਾ ਸਕਦਾ ਹੈ। ਸੁਪਰ ਵੀਜ਼ਾ ਤਹਿਤ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਨੂੰ ਟੈਂਪਰੇਰੀ ਰੈਜ਼ੀਡੈਂਟ ਦਾ ਦਰਜਾ ਹੀ ਮਿਲਦਾ ਹੈ ਪਰ ਵਿਜ਼ਟਰ ਵੀਜ਼ਾ ਦੇ ਮੁਕਾਬਲੇ ਇਹ ਬਿਹਤਰ ਤਰੀਕਾ ਮੰਨਿਆ ਜਾਂਦਾ ਹੈ। ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਆਪਣੇ ਮਾਪਿਆਂ ਜਾਂ ਦਾਦਾ-ਦਾਦੀਆਂ ਨੂੰ ਸੱਦਣ ਦੇ ਇੱਛਕ ਪ੍ਰਵਾਸੀਆਂ ਵਾਸਤੇ ਆਮਦਨ ਹੱਦ ਤੈਅ ਕੀਤੀ ਗਈ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ 1,205 ਡਾਲਰ ਤੋਂ ਸ਼ੁਰੂ ਹੋਣ ਵਾਲੀ ਫੀਸ ਵੱਖਰੇ ਤੌਰ ‘ਤੇ ਵਸੂਲ ਕੀਤੀ ਜਾਂਦੀ ਹੈ। ਅਰਜ਼ੀਆਂ ਅਧੂਰੀਆਂ ਹੋਣ ਅਤੇ ਫੀਸ ਦੀ ਗੈਰਮੌਜੂਦਗੀ ਵਿਚ ਸਿੱਧੇ ਤੌਰ ‘ਤੇ ਰਿਫਿਊਜ਼ਲ ਹੋਵੇਗੀ। ਇਸ ਤੋਂ ਇਲਾਵਾ ਇੱਛਾ ਦੇ ਪ੍ਰਗਟਾਵਾ ਦੌਰਾਨ ਦਿਤੀ ਜਾਣਕਾਰੀ ਅਤੇ ਮੁੱਖ ਅਰਜ਼ੀ ਵਿਚ ਦਰਜ ਜਾਣਕਾਰੀ ਦੇ ਮੇਲ ਨਾ ਖਾਣ ਦੀ ਸੂਰਤ ਵਿਚ ਵੀ ਅਰਜ਼ੀ ਰੱਦ ਕਰ ਦਿਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਅਕਤੂਬਰ 2023 ਵਿਚ 24,200 ਇੱਛਕ ਸਪੌਂਸਰਾਂ ਨੂੰ ਮੁਕੰਮਲ ਅਰਜ਼ੀਆਂ ਦਾਖਲ ਕਰਨ ਲਈ ਸੱਦੇ ਭੇਜੇ ਭੇਜੇ ਗਏ ਤਾਂਕਿ 15 ਹਜ਼ਾਰ ਅਰਜ਼ੀਆਂ ਦਾ ਟੀਚਾ ਹਾਸਲ ਕੀਤਾ ਜਾ ਸਕੇ। ਇਸ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਸੰਭਾਵਤ ਸਪੌਂਸਰ ਸਮੇਂ ਸਿਰ ਅਰਜ਼ੀ ਦਾਖਲ ਨਹੀਂ ਕਰਦੇ ਅਤੇ ਕਈ ਅਰਜ਼ੀਆਂ ਵਿਚ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਮੰਗੇ ਦਸਤਾਵੇਜ਼ਾਂ ਦੀ ਕਮੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਵਾਧੂ ਸਪੌਂਸਰਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ 2025 ਤੱਕ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਸਾਲਾਨਾ 36 ਹਜ਼ਾਰ ਪੀ.ਆਰ. ਦੇਣ ਦਾ ਟੀਚਾ ਮਿੱਥਿਆ ਗਿਆ ਹੈ।

Leave a Reply

Your email address will not be published. Required fields are marked *

error: Content is protected !!