Gee 98News

ਚੰਡੀਗੜ੍ਹ, 25 ਮਈ, (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਚੋਣ ਪ੍ਰਚਾਰ ਪੂਰੇ ਜੋਬਨ ‘ਤੇ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਿਛਲੇ ਦਿਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ। ਪੰਜਾਬ ‘ਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਪੰਜ ਰੈਲੀਆਂ ਕੀਤੀਆਂ ਜਾਣਗੀਆਂ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ 25 ਮਈ ਨੂੰ ਅੰਮ੍ਰਿਤਸਰ ਤੋਂ ਆਪਣੀਆਂ ਰੈਲੀਆਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ 29 ਮਈ ਨੂੰ ਲੋਕ ਸਭਾ ਹਲਕਾ ਪਟਿਆਲਾ ਅਤੇ ਲੁਧਿਆਣਾ ਵਿੱਚ ਰੈਲੀਆਂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਦਕਿ ਪ੍ਰਿਅੰਕਾ ਗਾਂਧੀ ਦੀਆਂ ਰੈਲੀਆਂ 26 ਮਈ ਨੂੰ ਸ਼ੁਰੂ ਹੋਣਗੀਆਂ। ਇਸ ਦੌਰਾਨ ਉਹ ਫਤਿਹਗੜ੍ਹ ਸਾਹਿਬ ਅਤੇ ਜਲੰਧਰ ਵਿੱਚ ਰੈਲੀਆਂ ਕਰਨਗੇ। ਪਾਰਟੀ ਦੇ ਰਾਸ਼ਟਰੀ ਮੁਖੀ ਮੱਲਿਕਾਰਜੁਨ ਖੜਗੇ ਵੀ ਪੰਜਾਬ ‘ਚ ਘੱਟੋ ਘੱਟ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰ ਸਕਦੇ ਹਨ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਸਚਿਨ ਪਾਇਲਟ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ ਦੇ ਹੱਕ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ‌ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਪੰਜਾਬ ‘ਚ ਸੰਗਰੂਰ ਅਤੇ ਬਠਿੰਡਾ ਨੂੰ ਲਾਵਾਰਿਸ ਛੱਡ ਦਿੱਤਾ ਹੈ, ਇਸ ਦੀ ਚਰਚਾ ਵੀ ਹੋ ਰਹੀ। ਸੰਗਰੂਰ ਤੋਂ ਭਾਵੇਂ ਸੁਖਪਾਲ ਸਿੰਘ ਖਹਿਰਾ ਆਪ ਦੇ ਗੁਰਮੀਤ ਸਿੰਘ ਮੁਕਾਬਲੇ ਚੋਣ ਲੜ ਰਹੇ ਹਨ ਪਰੰਤੂ ਉਹਨਾਂ ਦਾ ਮੁਕਾਬਲਾ ਭਗਵੰਤ ਮਾਨ ਨਾਲ ਹੈ। ਸੰਗਰੂਰ ਅਤੇ ਬਠਿੰਡਾ ਉੱਪਰ ਭਗਵੰਤ ਮਾਨ ਖਾਸ ਧਿਆਨ ਦੇ ਰਹੇ ਹਨ। ਸੰਗਰੂਰ ਭਗਵੰਤ ਮਾਨ ਦਾ ਜੱਦੀ ਹਲਕਾ ਹੈ ਜਿਸ ਨੂੰ ਹਰ ਹਾਲ ਵਿੱਚ ਜਿੱਤਣਾ ਚਾਹੁੰਦੇ ਹਨ, ਦੂਜੇ ਪਾਸੇ ਬਠਿੰਡਾ ਤੋਂ ਭਗਵੰਤ ਮਾਨ ਇਸ ਵਾਰ ਬਾਦਲ ਪਰਿਵਾਰ ਨੂੰ ਹਰ ਹੀਲੇ ਹਰਾਉਣਾ ਚਾਹੁੰਦੇ ਹਨ। ਗਾਂਧੀ ਪਰਿਵਾਰ ਦੀ ਇਹਨਾਂ ਦੋਵੇਂ ਹਲਕਿਆਂ ਤੋਂ ਦੂਰੀ ਕਈ ਸਵਾਲ ਖੜੇ ਕਰਦੀ ਹੈ। ਕੀ ਆਪ ਨਾਲ ਰਾਸ਼ਟਰੀ ਗੱਠਜੋੜ ਹੋਣ ਕਰਕੇ ਸੰਗਰੂਰ ਸੀਟ ਸਬੰਧੀ ਗਾਂਧੀ ਪਰਿਵਾਰ ਦੀ ਭਗਵੰਤ ਮਾਨ ਨਾਲ ਕੋਈ ਖਿਚੜੀ ਪੱਕ ਰਹੀ ਹੈ ? ਕੀ ਬਠਿੰਡਾ ਸੀਟ ਤੋਂ ਬਾਦਲ ਪਰਿਵਾਰ ਨੂੰ ਹਰਾਉਣ ਲਈ ਭਗਵੰਤ ਮਾਨ ਦੀ ਯੋਜਨਾ ਦਾ ਗਾਂਧੀ ਪਰਿਵਾਰ ਹਿੱਸਾ ਹੈ ? ਜੇ ਨਹੀਂ, ਤਾਂ ਇਹਨਾਂ ਦੋਵੇਂ ਹੌਟ ਸੀਟਾਂ ਤੋਂ ਗਾਂਧੀ ਪਰਿਵਾਰ ਨੇ ਅਜੇ ਤੱਕ ਦੂਰੀ ਕਿਉਂ ਬਣਾ ਕੇ ਰੱਖੀ ਹੋਈ ਹੈ ? ਇਹ ਵੀ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਸੰਗਰੂਰ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਲਾਵਾਰਿਸ ਛੱਡਿਆ ਹੋਇਆ ਹੈ। ਗਾਂਧੀ ਪਰਿਵਾਰ ਤੋਂ ਇਲਾਵਾ ਵੀ ਅਜੇ ਤੱਕ ਕੋਈ ਹੋਰ ਵੱਡਾ ਕੇਂਦਰੀ ਆਗੂ ਸੰਗਰੂਰ ਵਿੱਚ ਨਹੀਂ ਬਹੁੜਿਆ। ‌ ਕੁਝ ਅਜਿਹੇ ਸਮੀਕਰਨ ਬਣਦੇ ਜਾਪਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਤੇ ਆਪ ਦਾ ਗੱਠਜੋੜ ਨਾ ਹੋਣ ਦੇ ਬਾਵਜੂਦ ਵੀ ਸੰਗਰੂਰ ਅਤੇ ਬਠਿੰਡਾ ਤੋਂ ਕਾਂਗਰਸ ਹਾਈਕਮਾਂਡ ਵੱਲੋਂ ਭਗਵੰਤ ਮਾਨ ਨਾਲ ਦੇਸੀ ਘਿਓ ਵਾਲੀ ਖਿੱਚੜੀ ਪਕਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਦੇ ਕੌਮੀ ਜਨਰਲ ਸਕੱਤਰ ਵੇਣੂਗੋਪਾਲ ਨੇ 18 ਮਈ ਦੀ ਰਾਤ ਨੂੰ ਪੰਜਾਬ ਆ ਕੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਅਤੇ ਹਲਕਿਆਂ ਸਬੰਧੀ ਫੀਡਬੈਕ ਲਈ ਸੀ। ਇਸ ਮੀਟਿੰਗ ਤੋਂ ਬਾਅਦ ਹੀ ਕੌਮੀ ਜਨਰਲ ਸਕੱਤਰ ਨੇ ਗਾਂਧੀ ਪਰਿਵਾਰ ਦੀਆਂ ਪੰਜਾਬ ‘ਚ ਚੋਣ ਰੈਲੀਆਂ ਦਾ ਪ੍ਰੋਗਰਾਮ ਬਣਾਇਆ ਸੀ, ਕਹਿਣ ਤੋਂ ਭਾਵ ਕਿ ਆਗਾਮੀ ਚਰਚਾ ਤੋਂ ਬਾਅਦ ਹੀ ਗਾਂਧੀ ਪਰਿਵਾਰ ਨੇ ਪੰਜਾਬ ‘ਚ ਚੋਣ ਰੈਲੀਆਂ ਦਾ ਪ੍ਰੋਗਰਾਮ ਬਣਾਇਆ ਹੈ। ਫਿਰ ਵੀ ਹੌਟ ਸੀਟਾਂ ਬਠਿੰਡਾ ਤੇ ਸੰਗਰੂਰ ਆਪਣੀਆਂ ਚੋਣ ਰੈਲੀਆਂ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਕੀ ਅਜਿਹਾ ਸੰਗਰੂਰ ਅਤੇ ਬਠਿੰਡਾ ਵਿੱਚ ਭਗਵੰਤ ਮਾਨ ਦੀ ਮੁੱਛ ਖੜੀ ਰੱਖਣ ਲਈ ਕਾਂਗਰਸ ਹਾਈ ਕਮਾਂਡ ਦੀ ਅੰਦਰਲੀ ਯੋਜਨਾ ਤਹਿਤ ਹੀ ਹੋ ਰਿਹਾ ਹੈ ? ਵੈਸੇ ਵੀ ਜੇਕਰ ਕਾਂਗਰਸ ਵੱਲੋਂ ਪੰਜਾਬ ‘ਚ ਦਿੱਤੀਆਂ ਟਿਕਟਾਂ ਅਤੇ ਆਮ ਆਦਮੀ ਵੱਲੋਂ ਦਿੱਤੀਆਂ ਟਿਕਟਾਂ ਦੀ ਡੁੰਘਾਈ ਨਾਲ ਘੋਖ ਕੀਤੀ ਜਾਵੇ ਤਾਂ ਇਹ ਗੱਲ ਲੱਗਭੱਗ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ “ਗੰਗਾਧਰ ਹੀ ਸ਼ਕਤੀਮਾਨ” ਹੈ।

Leave a Reply

Your email address will not be published. Required fields are marked *

error: Content is protected !!