Gee 98News

ਚੰਡੀਗੜ੍ਹ, 25 ਮਈ, Gee98 news service
-ਡੇਰਾ ਸਿਰਸਾ ਵੱਲੋਂ ਲੋਕ ਸਭਾ ਚੋਣਾਂ ਲਈ ਹਰਿਆਣਾ ‘ਚ ਭਾਜਪਾ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਪੰਜਾਬ ‘ਚ ਵੀ ਹਲਚਲ ਤੇਜ਼ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ‘ਚ ਵੀ ਡੇਰਾ ਸਿਰਸਾ ਵੱਲੋਂ ਲੋਕ ਸਭਾ ਚੋਣਾਂ ਲਈ ਭਾਜਪਾ ਨੂੰ ਹੀ ਸਮਰਥਨ ਦਿੱਤਾ ਜਾਵੇਗਾ। ‌ ਇਸ ਸਬੰਧੀ ਚਰਚਾ ਡੇਰਾ ਪ੍ਰੇਮੀਆਂ ਦੇ ਪੱਧਰ ‘ਤੇ ਪੰਜਾਬ ‘ਚ ਹੋ ਵੀ ਰਹੀ ਹੈ ਅਤੇ ਚੋਣਾਂ ਤੋਂ ਦੋ ਕੁ ਦਿਨ ਪਹਿਲਾਂ ਪੁਖਤਾ ਸਨੇਹੇ ਪ੍ਰੇਮੀਆਂ ਤੱਕ ਪੁੱਜ ਜਾਣਗੇ। ‌ਇੱਕ ਪੱਕੇ ਪ੍ਰੇਮੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ “ਕਿਸੇ ਵੀ ਪਾਰਟੀ ਨੂੰ ਵੋਟਾਂ ਪਾਉਣ ਸਬੰਧੀ ਸਾਨੂੰ ਸੁਨੇਹੇ ਵੋਟਾਂ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਹੀ ਲੱਗਦੇ ਹਨ”। ਹਰਿਆਣਾ ‘ਚ ਪ੍ਰੇਮੀਆਂ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦੇ ਫੈਸਲੇ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸੀਆਂ ਦੇ ਦਿਲ ਦੀ ਧੜਕਣ ਵਧੀ ਹੋਈ ਹੈ ਕਿਉਂਕਿ ਬਿਜਲੀ ਦੀਆਂ ਫਰੀ ਯੂਨਿਟਾਂ ਕਰਕੇ ਆਮ ਆਦਮੀ ਪਾਰਟੀ ਨੂੰ ਆਸ ਹੈ ਕਿ ਐਸਸੀ/ਬੀਸੀ ਸ੍ਰੇਣੀਆਂ ਦੀ ਵੋਟ ਆਪ ਨੂੰ ਭੁਗਤੇਗੀ ਜਦ ਕਿ ਇਸੇ ਵਰਗ ਦੀਆਂ ਵੋਟਾਂ ‘ਤੇ ਕਾਂਗਰਸ ਨੇ ਵੀ ਟੇਕ ਲਗਾਈ ਹੋਈ ਹੈ। ‌ ਧਿਆਨ ਰਹੇ ਕਿ ਮਾਲਵਾ ਖੇਤਰ ਵਿੱਚ ਐਸਸੀ/ਬੀਸੀ ਸ਼੍ਰੇਣੀਆਂ ਵਿੱਚ ਡੇਰਾ ਸਿਰਸਾ ਦਾ ਕਾਫੀ ਆਧਾਰ ਹੈ। ਭਾਵੇਂ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਮਾਲਵਾ ਖੇਤਰ ਦੇ ਕੁਝ ਪਿੰਡਾਂ ਵਿੱਚ ਡੇਰਾ ਪ੍ਰੇਮੀਆਂ ਨੇ ਡੇਰੇ ਨੂੰ ਛੱਡ ਦਿੱਤਾ ਸੀ ਪਰੰਤੂ ਜਿਹੜੇ ਉਹਨਾਂ ਹਾਲਾਤਾਂ ਵਿੱਚ ਡੇਰੇ ਨਾਲ ਜੁੜੇ ਰਹੇ ਉਹ ਡੇਰੇ ਦੇ ਹਰ ਹੁਕਮ ‘ਤੇ ਫੁੱਲ ਚੜਾਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਦੀਆਂ ਸਾਰੀਆਂ ਗਤੀਵਿਧੀਆਂ ਦੀ ਕਮਾਂਡ ਹੁਣ ਹਨੀਪ੍ਰੀਤ ਕੋਲ ਹੈ ਅਤੇ ਸਾਰੇ ਆਗੂ ਡੇਰੇ ਦਾ ਚੋਣਾਂ ‘ਚ ਸਮਰਥਨ ਲਈ ਹਨੀਪ੍ਰੀਤ ਨਾਲ ਹੀ ਸੰਪਰਕ ਕਰ ਰਹੇ ਹਨ।‌ ਹਨੀਪ੍ਰੀਤ ਵੱਲੋਂ ਲਏ ਜਾ ਰਹੇ ਫੈਸਲੇ ਨੂੰ ਅੱਗੇ ਪ੍ਰੇਮੀਆਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਵੈਸੇ ਮਾਲਵਾ ਖੇਤਰ ਦੀਆਂ ਪਟਿਆਲਾ, ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਸੀਟਾਂ ਵਿੱਚ ਭਾਜਪਾ ਉਮੀਦਵਾਰ ਜਿੱਤ ਦੀ ਦੌੜ ਵਿੱਚ ਸ਼ਾਮਿਲ ਨਹੀਂ ਹਨ ਪ੍ਰੰਤੂ ਜੇਕਰ ਹਰਿਆਣਾ ਵਾਂਗ ਡੇਰਾ ਪ੍ਰੇਮੀਆਂ ਦਾ ਫੈਸਲਾ ਪੰਜਾਬ ‘ਚ ਭਾਜਪਾ ਦੇ ਪੱਖ ਵਿੱਚ ਆ ਜਾਂਦਾ ਹੈ ਤਾਂ ਇਹਨਾਂ ਸੀਟਾਂ ‘ਤੇ ਭਾਜਪਾ ਉਮੀਦਵਾਰ ਦੂਜਿਆਂ ਦੀਆਂ ਬੇੜੀਆਂ ਵਿੱਚ ਵੱਟੇ ਜ਼ਰੂਰ ਪਾ ਦੇਣਗੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਹਰਿਆਣਾ ਵਿੱਚ ਡੇਰੇ ਵੱਲੋਂ ਭਾਜਪਾ ਦੇ ਪੱਖ ਵਿੱਚ ਸ਼ਰੇਆਮ ਐਲਾਨ ਕੀਤਾ ਗਿਆ ਸ਼ਾਇਦ ਪੰਜਾਬ ਦੇ ਵਿੱਚ ਕਿਸੇ ਪਾਰਟੀ ਨੂੰ ਸਮਰਥਨ ਦਾ ਐਲਾਨ ਸ਼ਰੇਆਮ ਨਾ ਕਰਕੇ, ਗੁਪਤ ਸੁਨੇਹੇ ਲਗਾਏ ਜਾਣਗੇ, ਅਜਿਹਾ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਹਾਲਾਤਾਂ ਕਰਕੇ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

error: Content is protected !!