Gee 98News

ਬਰਨਾਲਾ,25 ਮਈ, (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉੱਪਰ ਤਿੱਖੇ ਸਿਆਸੀ ਹਮਲੇ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਐਨੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਹਨ ਫਿਰ ਵੀ ਉਹਨਾਂ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਵਿਜ਼ਨ ਨਹੀਂ ਹੈ ਅਤੇ ਨਾ ਹੀ ਪੰਜਾਬ ਦੇ ਵਿਕਾਸ ਦਾ ਕੋਈ ਖਾਸ ਏਜੰਡਾ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਨ ਅਤੇ ਉਹਨਾਂ ਕੋਲ ਪੰਜਾਬ ਦੇ ਭਵਿੱਖ ਦਾ ਕੋਈ ਏਜੰਡਾ ਨਹੀਂ ਹੈ। ‌ ਇੱਕ ਨਿੱਜੀ ਚੈਨਲ ‘ਤੇ ਗੱਲਬਾਤ ਕਰਦੇ ਹੋਏ ਮੀਤ ਹੇਅਰ ਨੇ ਸਿਮਰਨਜੀਤ ਸਿੰਘ ਮਾਨ ‘ਤੇ ਤਿੱਖੇ ਹਮਲੇ ਜਾਰੀ ਰੱਖਦੇ ਹੋਏ ਕਿਹਾ ਕਿ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ, ਕਿਸੇ ਦੇ ਨੌਜਵਾਨ ਪੁੱਤ ਦੀ ਮੌਤ ‘ਤੇ ਰਾਜਨੀਤੀ ਕਰਕੇ ਬਹੁਤਾ ਚਿਰ ਵੋਟਾਂ ਨਹੀਂ ਬਟੋਰੀਆਂ ਜਾ ਸਕਦੀਆਂ ਤੇ ਅਜਿਹਾ “ਠਕਠਕਾ” ਬਹੁਤਾ ਚਿਰ ਨਹੀਂ ਚੱਲਦਾ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਇਹਨਾਂ ਲੋਕ ਸਭਾ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ 40 ਤੋਂ 50 ਹਜ਼ਾਰ ਹੀ ਵੋਟਾਂ ਪੈਣਗੀਆਂ ਕਿਉਂਕਿ ਅਸਲ ਵਿੱਚ ਉਹਨਾਂ ਦਾ ਵੋਟ ਬੈਂਕ ਐਨਾ ਕੁ ਹੀ ਹੈ। ‌ ਮੀਤ ਹੇਅਰ ਨੇ ਕਿਹਾ ਕਿ ਜ਼ਿਮਨੀ ਚੋਣ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਅਕਾਲੀ, ਕਾਂਗਰਸੀਆਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਸਿਮਰਨਜੀਤ ਸਿੰਘ ਨੂੰ ਆਪਣੀ ਵੋਟ ਪਾ ਦਿੱਤੀ ਜਿਸ ਕਰਕੇ ਜ਼ਿਮਨੀ ਚੋਣ ਵਿੱਚ ਮਾਨ ਦੀ ਜਿੱਤ ਹੋਈ ਸੀ ਪ੍ਰੰਤੂ ਹੁਣ ਅਕਾਲੀਆਂ ਕਾਂਗਰਸੀਆਂ ਤੇ ਹੋਰ ਪਾਰਟੀਆਂ ਦੀ ਵੋਟ ਆਪਣੇ ਆਪਣੇ ਪਲੇਟਫਾਰਮ ‘ਤੇ ਵਾਪਸ ਆਈ ਹੈ ਇਸ ਲਈ ਮਾਨ ਨੂੰ ਸਿਰਫ਼ ਉਹਨਾਂ ਦੀ ਪਾਰਟੀ ਦੀ ਅਸਲੀ ਵੋਟ 40 ਤੋਂ 50 ਹਜ਼ਾਰ ਹੀ ਪੋਲ ਹੋਵੇਗੀ। ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਭਵਿੱਖ ਦਾ ਇੱਕ ਸ਼ਾਨਦਾਰ ਏਜੰਡਾ ਹੈ ਇਸ ਲਈ ਲੋਕ ਆਮ ਆਦਮੀ ਪਾਰਟੀ ਨੂੰ ਹੀ ਚੁਨਣਗੇ। ਮੀਤ ਹੇਅਰ ਨੇ ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਤੇ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਦੀ ਲੜਾਈ ਲੜ ਰਹੇ ਹਨ। ‌

Leave a Reply

Your email address will not be published. Required fields are marked *

error: Content is protected !!