Gee 98News

ਵੱਡਾ ਖੁਲਾਸਾ : ਹਰਿਆਣੇ ਦੀ ਹੱਦ ‘ਚ ਹੀ ਹੋਈ ਸੀ ਸ਼ੁਭਕਰਨ ਦੀ ਮੌਤ, ਜਾਂਚ ਕਮੇਟੀ ਨੇ ਹਾਈਕੋਰਟ ਨੂੰ ਦਿੱਤੀ ਰਿਪੋਰਟ.. ਪੜ੍ਹੋ ਖ਼ਬਰ

ਚੰਡੀਗੜ੍ਹ,29 ਮਈ, Gee98 news service
-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਗਠਿਤ ਕੀਤੀ ਨਿਆਂਇਕ ਜਾਂਚ ਕਮੇਟੀ ਨੇ ਹਰਿਆਣਾ ਦੀ ਹੱਦ ‘ਤੇ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਸਬੰਧੀ ਰਿਪੋਰਟ ਹਾਈਕੋਰਟ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੀ ਹੱਦ ਅੰਦਰ ਹੋਈ ਸੀ।‌ ਹਾਲਾਂਕਿ ਇਹ ਤੈਅ ਕਰਨਾ ਅਜੇ ਬਾਕੀ ਹੈ ਕਿ ਸ਼ੁਭਕਰਨ ਦੀ ਮੌਤ ਲਈ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਅਤੇ ਇਸ ਲਈ ਜ਼ਿੰਮੇਵਾਰ ਕੌਣ ਹੈ ਪ੍ਰੰਤੂ ਜਾਂਚ ਕਮੇਟੀ ਨੇ ਇਹ ਸਪੱਸ਼ਟ ਰਿਪੋਰਟ ਦੇ ਦਿੱਤੀ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੀ ਹੱਦ ਦੇ ਅੰਦਰ ਹੀ ਹੋਈ ਹੈ। ‌ਇਸ ਰਿਪੋਰਟ ਨੂੰ ਰਿਕਾਰਡ ‘ਤੇ ਲੈਂਦੇ ਹੋਏ ਹਾਈਕੋਰਟ ਨੇ ਪੋਸਟਮਾਰਟਮ ਰਿਪੋਰਟ ਅਤੇ ਹੋਰ ਫੋਰੈਂਸਿਕ ਸਬੂਤ ਕਮੇਟੀ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਸ਼ੁਭਕਰਨ ਸਿੰਘ ਦੀ 21 ਫ਼ਰਵਰੀ ਨੂੰ ਪੰਜਾਬ-ਹਰਿਆਣਾ ਹੱਦ ‘ਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ ਸੀ। ਦੋਸ਼ ਹੈ ਕਿ ਹਰਿਆਣਾ ਪੁਲਿਸ ਵਲੋਂ ਚਲਾਈ ਗਈ ਗੋਲੀ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਪੰਚਕੂਲਾ ਦੇ ਵਸਨੀਕ ਐਡਵੋਕੇਟ ਉਦੈ ਪ੍ਰਤਾਪ ਸਿੰਘ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਜਾਂਚ ਦੀ ਮੰਗ ਕੀਤੀ ਸੀ। 7 ਮਾਰਚ ਨੂੰ ਹਾਈਕੋਰਟ ਨੇ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਲਈ ਹਾਈਕੋਰਟ ਦੇ ਸੇਵਾਮੁਕਤ ਜੱਜ ਜੈਸੀ ਠਾਕੁਰ ਦੀ ਅਗਵਾਈ ‘ਚ ਇਕ ਕਮੇਟੀ ਦਾ ਗਠਨ ਕੀਤਾ ਸੀ। ਤਿੰਨ ਮੈਂਬਰੀ ਕਮੇਟੀ ਵਿੱਚ ਉਨ੍ਹਾਂ ਦੇ ਨਾਲ ਹਰਿਆਣਾ ਦੇ ਏ.ਡੀ.ਜੀ.ਪੀ. ਅਮਿਤਾਭ ਸਿੰਘ ਢਿੱਲੋਂ ਅਤੇ ਪੰਜਾਬ ਦੇ ਏਡੀ.ਜੀ.ਪੀ. ਪ੍ਰਮੋਦ ਬਾਨ ਵੀ ਮੈਂਬਰ ਹਨ । ਕਮੇਟੀ ਨੇ ਇਸ ਗੱਲ ਦੀ ਜਾਂਚ ਕਰਨੀ ਸੀ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੇ ਅਧਿਕਾਰ ਖੇਤਰ ‘ਚ ਹੋਈ ਸੀ ਜਾਂ ਪੰਜਾਬ ਦੇ ਖੇਤਰ ‘ਚ, ਮੌਤ ਦਾ ਕਾਰਨ ਕੀ ਸੀ ਅਤੇ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਅੰਦੋਲਨਕਾਰੀਆਂ ‘ਤੇ ਤਾਕਤ ਦੀ ਵਰਤੋਂ ਕੀਤੀ ਗਈ, ਕੀ ਇਹ ਹਾਲਾਤ ਦੇ ਅਨੁਸਾਰ ਸੀ ਜਾਂ ਨਹੀਂ ਅਤੇ ਕਮੇਟੀ ਨੂੰ ਸ਼ੁਭਕਰਨ ਦੀ ਮੌਤ ਦੇ ਮੁਆਵਜ਼ੇ ‘ਤੇ ਵੀ ਫੈਸਲਾ ਕਰਨਾ ਹੈ। ਸ਼ੁਭਕਰਨ ਦੀ ਮੌਤ ਸਬੰਧੀ ਨਿਆਇਕ ਜਾਂਚ ਕਮੇਟੀ ਦੀ ਰਿਪੋਰਟ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹੋਰ ਗਰਮਾਹਟ ਆਉਣ ਦੀ ਸੰਭਾਵਨਾ ਹੈ। ਹੁਣ ਕਿਸਾਨ ਜਥੇਬੰਦੀਆਂ ਇਸ ਰਿਪੋਰਟ ਦੇ ਆਧਾਰ ‘ਤੇ ਸੁਭਕਰਨ ਦੀ ਮੌਤ ਸਬੰਧੀ ਕਾਰਵਾਈ ਕਰਵਾਉਣ ਲਈ ਅੰਦੋਲਨ ਤੇਜ਼ ਕਰ ਸਕਦੀਆਂ ਹਨ ਅਤੇ ਇਸ ਅੰਦੋਲਨ ਪ੍ਰਤੀ ਪੰਜਾਬ ਸਰਕਾਰ ਦੀ ਪਹੁੰਚ ‘ਤੇ ਵੀ ਨਜ਼ਰ ਬਣੀ ਰਹੇਗੀ ਕਿਉਂਕਿ ਸ਼ੁਭਕਰਨ ਦੀ ਮੌਤ ਦੇ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਪਹਿਲਾਂ ਕੀਤੀ ਕਾਰਵਾਈ ਦੇ ਕਿਸਾਨ ਜਥੇਬੰਦੀਆਂ ਉਂਗਲ ਉਠਾਉਂਦੀਆਂ ਰਹੀਆਂ ਹਨ।

error: Content is protected !!