Gee 98News

ਡੀਸੀ ਦਾ ਪੱਖ…ਮੈਂ ਖੁਦ ਅੱਧਾ ਘੰਟਾ ਉਥੇ ਖੜਾ ਰਿਹਾ…ਪਾਇਲਟ ਜਾਂ ਮੰਤਰੀ ਹੀ ਜਾਣਦੇ ਹਨ ਕਿ ਜਹਾਜ਼ ਕਿਉਂ ਨਹੀਂ ਉਤਰਿਆ

ਚੰਡੀਗੜ੍ਹ, 30 ਮਈ, Gee98 news service
-ਮਾਨਸਾ ਦੀ ਅਨਾਜ ਮੰਡੀ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਹੈਲੀਕਾਪਟਰ ਨੂੰ ਲੈਂਡ ਨਾ ਕਰਵਾਉਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਭਾਜਪਾ ਨੇ ਇਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦੇ ਹੈਲੀਕਾਪਟਰ ਨੂੰ ਜਾਣਬੁੱਝ ਕੇ ਲੈਂਡ ਨਹੀਂ ਹੋਣ ਦਿੱਤਾ ਗਿਆ, ਜਿਸ ਕਰਕੇ ਉਹ ਰੈਲੀ ਵਿੱਚ ਨਹੀਂ ਪਹੁੰਚ ਸਕੇ। ਸਮ੍ਰਿਤੀ ਇਰਾਨੀ ਨੇ ਮਾਨਸਾ ‘ਚ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧ ਦੀ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਉਹ ਸ਼ਾਮ 5 ਵਜੇ ਤੱਕ ਰੈਲੀ ਵਾਲੀ ਥਾਂ ‘ਤੇ ਨਹੀਂ ਪਹੁੰਚ ਸਕੇ। ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਦੋਸ਼ ਹੈ ਕਿ ਹੈਲੀਕਾਪਟਰ ਕਾਫੀ ਦੇਰ ਤੱਕ ਅਸਮਾਨ ‘ਚ ਉੱਡਦਾ ਰਿਹਾ ਪਰ ਇਸ ਨੂੰ ਇੱਥੇ ਲੈਂਡ ਕਰਨ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ। ਇਸ ਕਾਰਨ ਕੁਝ ਸਮੇਂ ਬਾਅਦ ਕੇਂਦਰੀ ਮੰਤਰੀ ਨੂੰ ਬਠਿੰਡਾ ਜਾਣਾ ਪਿਆ। ਭਾਜਪਾ ਦਾ ਦੋਸ਼ ਹੈ ਕਿ ਇਹ ਸੂਬਾ ਸਰਕਾਰ ਦੀ ਸ਼ਰਾਰਤ ਹੈ। ਦੂਜੇ ਪਾਸੇ ਇਹਨਾਂ ਦੋਸ਼ਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹੈਲੀਕਾਪਟਰ ਨੂੰ ਲੈਂਡ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਡੀਸੀ ਨੇ ਕਿਹਾ ਕਿ ਸਿਰਫ਼ ਪਾਇਲਟ ਜਾਂ ਕੇਂਦਰੀ ਮੰਤਰੀ ਹੀ ਜਾਣਦੇ ਹਨ ਕਿ ਹੈਲੀਕਾਪਟਰ ਉੱਥੇ ਕਿਉਂ ਨਹੀਂ ਉਤਰ ਸਕਿਆ। ਡਿਪਟੀ ਕਮਿਸ਼ਨਰ ਨੇ ਭਾਜਪਾ ਉਮੀਦਵਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਸਨ। ‌ ਉਨ੍ਹਾਂ ਦੱਸਿਆ ਕਿ ਉਹ ਖੁਦ ਹੈਲੀਕਾਪਟਰ ਦੇ ਉਤਰਨ ਦਾ ਇੰਤਜ਼ਾਰ ਕਰਦੇ ਹੋਏ ਕਰੀਬ ਅੱਧਾ ਘੰਟਾ ਉਥੇ ਖੜ੍ਹੇ ਰਹੇ।

error: Content is protected !!