ਬਰਨਾਲਾ,11 ਜੂਨ,(ਨਿਰਮਲ ਸਿੰਘ ਪੰਡੋਰੀ)-
-ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਪੰਜਾਬ ਪੁਲਿਸ ਦੇ ਇੱਕ ASI ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਪੁੱਤਰ ਰਸਾਲਾ ਰਾਮ ਵਾਸੀ ਕੋਠੇ ਰਜਿੰਦਰਪੁਰਾ ਧਨੌਲਾ ਨੇ ਸ਼ਿਕਾਇਤ ਕੀਤੀ ਸੀ ਕਿ ਥਾਣਾ ਧਨੌਲਾ ਵਿਖੇ ਤਾਇਨਾਤ ASI ਨਿਰਮਲ ਸਿੰਘ ਥਾਣਾ ਧਨੌਲਾ ਵਿਖੇ ਉਸ ਦੇ ਭਾਣਜੇ ਅਤੇ ਇੱਕ ਹੋਰ ਵਿਅਕਤੀ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਦਰਜ ਮੁਕੱਦਮੇ ਵਿੱਚ ਉਸਨੂੰ ਨਾਮਜ਼ਦ ਕਰਨ ਦੀਆਂ ਧਮਕੀਆਂ ਦੇ ਕੇ 10 ਹਜਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਉਹਨਾਂ ਦੱਸਿਆ ਕਿ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸ੍ਰੀ ਪਰਮਿੰਦਰ ਸਿੰਘ PPS,ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੀ ਸੁਪਰਵੀਜ਼ਨ ਹੇਠ ਟਰੈਪ ਲਗਾਇਆ ਗਿਆ ਅਤੇ ਉਕਤ ਏਐਸਆਈ ਨਿਰਮਲ ਸਿੰਘ ਨੂੰ ਸ਼ਿਕਾਇਤ ਕਰਤਾ ਰਜੇਸ਼ ਕੁਮਾਰ ਤੋਂ 10 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਸਰਕਾਰੀ ਗਵਾਹ ਜਸਵਿੰਦਰ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਬਰਨਾਲਾ ਅਤੇ ਪਾਵਰਕਾਮ ਦੇ ਇੰਜੀਨੀਅਰ ਰਵੀ ਪ੍ਰਕਾਸ਼ AE ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕੀਤਾ। ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਜਾਰੀ ਹੈ। ਵਿਜੀਲੈਂਸ ਦੀ ਟੀਮ ਵਿੱਚ ASI ਸਤਿਗੁਰ ਸਿੰਘ, ASI ਗੁਰਪ੍ਰੀਤ ਸਿੰਘ, ਸੀਨੀਅਰ ਸਿਪਾਹੀ ਗੁਰਜਿੰਦਰ ਸਿੰਘ ਅਤੇ ਗਗਨਦੀਪ ਸਿੰਘ ਵੀ ਸ਼ਾਮਲ ਸਨ।