ਬਰਨਾਲਾ,12 ਜੂਨ, Gee98 news service
-ਆਪਣੇ ਹੀ ਪਿੰਡ ਦੀ ਇੱਕ ਸ਼ਾਦੀਸ਼ੁਦਾ ਔਰਤ ਨਾਲ ਨਜਾਇਜ਼ ਸਬੰਧਾਂ ਦੀ ਤਾਣੀ ਵਿੱਚ ਉਲਝ ਕੇ ਇੱਕ 24 ਕੁ ਵਰ੍ਹਿਆਂ ਦੇ ਕੁਆਰੇ ਨੌਜਵਾਨ ਨੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਲਏ। ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਛੰਨਾ ਨਾਲ ਸੰਬੰਧਿਤ ਇਹ ਦਰਦਨਾਕ ਕਹਾਣੀ ਦੱਸਦੇ ਹੋਏ ਮ੍ਰਿਤਕ ਨੌਜਵਾਨ ਕੇਤੂਕੁਲਜੋਤ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਨੂੰ ਪਿੰਡ ਦੀ ਨੂੰਹ ਬਲਵਿੰਦਰ ਕੌਰ ਉਰਫ਼ ਗੁਰਪ੍ਰੀਤ ਕੌਰ ਨੇ ਆਪਣੇ ਚੱਕਰਾਂ ‘ਚ ਫਸਾ ਲਿਆ। ਉਨਾਂ ਦੱਸਿਆ ਕਿ ਬਲਵਿੰਦਰ ਕੌਰ ਉਰਫ਼ ਗੁਰਪ੍ਰੀਤ ਕੌਰ ਨੇ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਫਤਿਹਗੜ੍ਹ ਛੰਨਾ ਵਿਖੇ ਦੂਜਾ ਵਿਆਹ ਕਰਵਾਇਆ। ਇੱਥੇ ਵੀ ਉਸ ਦਾ ਆਪਣੇ ਦੂਜੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਗੁਰਪ੍ਰੀਤ ਕੌਰ ਨੇ ਉਸ ਦੇ ਬੇਟੇ ਕੁਲਜੋਤ ਸਿੰਘ ਨੂੰ ਵਰਗਲਾ ਲਿਆ ਅਤੇ ਉਸ ਨਾਲ ਸਬੰਧ ਕਾਇਮ ਕਰ ਲਏ। ਮੇਜਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਕਹਾਣੀ ਦਾ ਉਹਨਾਂ ਨੂੰ ਪਤਾ ਲੱਗਿਆ ਤਾਂ ਉਨਾਂ ਨੇ ਆਪਣੇ ਬੇਟੇ ਨੂੰ ਉਕਤ ਔਰਤ ਗੁਰਪ੍ਰੀਤ ਕੌਰ ਦੇ ਪਰਛਾਵੇਂ ਤੋਂ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਇਹਨਾਂ ਕੋਸ਼ਿਸ਼ਾਂ ਦੌਰਾਨ ਹੀ ਉਕਤ ਔਰਤ ਨੇ ਉਹਨਾਂ ਦੇ ਬੇਟੇ ਕੁਲਜੋਤ ‘ਤੇ ਝੂਠਾ ਬਲਾਤਕਾਰ ਦਾ ਕੇਸ ਵੀ ਦਰਜ ਕਰਵਾਉਣਾ ਚਾਹਿਆ ਪ੍ਰੰਤੂ ਇੱਕ ਇਮਾਨਦਾਰ ਪੁਲਿਸ ਅਫਸਰ ਦੀ ਪੜਤਾਲ ਸਦਕਾ ਉਹ ਕਾਮਯਾਬ ਨਾ ਹੋਈ। ਮੇਜਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਦੇ ਭਵਿੱਖ ਦੇ ਮੱਦੇਨਜ਼ਰ ਉਸ ਨੂੰ ਦੁਬਈ ਭੇਜ ਦਿੱਤਾ। ਉਹਨਾਂ ਦੱਸਿਆ ਕਿ ਉਹ 24 ਮਾਰਚ 2024 ਨੂੰ ਦੁਬਈ ਪਹੁੰਚ ਗਿਆ। ਉਨਾਂ ਦੱਸਿਆ ਕਿ ਫਿਰ ਇੱਕ ਦਿਨ ਅਚਾਨਕ 8 ਜੂਨ 2024 ਨੂੰ ਸ਼ਾਮ ਦੇ ਸਮੇਂ ਉਕਤ ਗੁਰਪ੍ਰੀਤ ਕੌਰ ਦਾ ਉਹਨਾਂ ਨੂੰ ਫੋਨ ਆਇਆ ਕਿ ਤੁਸੀਂ ਜਲਦੀ ਰਾਏਕੋਟ ਹਸਪਤਾਲ ਪੁੱਜੋ। ਮੇਜਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਇਸ ਫੋਨ ਨੂੰ ਉਹਨਾਂ ਨੇ ਬਹੁਤਾ ਸੀਰੀਅਸ ਨਾ ਲਿਆ ਕਿਉਂਕਿ ਉਹਨਾਂ ਦਾ ਬੇਟਾ ਤਾਂ ਦੁਬਈ ਪੁੱਜ ਚੁੱਕਾ ਸੀ ਪ੍ਰੰਤੂ ਕੁਝ ਸਮੇਂ ਬਾਅਦ ਹੀ ਰਾਏਕੋਟ ਤੋਂ ਇੱਕ ਹੋਟਲ ਮਾਲਕ ਦਾ ਫੋਨ ਆਇਆ ਜਿਸ ਨੇ ਉਹਨਾਂ ਦੇ ਬੇਟੇ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਗੱਲ ਦੱਸੀ।

ਮੇਜਰ ਸਿੰਘ ਨੇ ਦੱਸਿਆ ਕਿ ਜਦ ਉਹ ਹਫੜਾ ਦਫੜੀ ਵਿੱਚ ਰਾਏਕੋਟ ਸਿਮਰਤ ਹਸਪਤਾਲ ਵਿੱਚ ਪੁੱਜੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਕੁਲਜੋਤ ਸਿੰਘ 18 ਮਈ ਨੂੰ ਦੁਬਈ ਤੋਂ ਰਾਏਕੋਟ ਗੁਰਪ੍ਰੀਤ ਕੌਰ ਕੋਲ ਆ ਗਿਆ ਸੀ ਅਤੇ ਉਹ 18 ਮਈ ਤੋਂ ਗੁਰਪ੍ਰੀਤ ਦੇ ਕੋਲ ਰਾਏਕੋਟ ਹੀ ਰਹਿ ਰਿਹਾ ਸੀ। ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੇ ਬੇਟੇ ਦੇ ਵਾਪਸ ਦੁਬਈ ਤੋਂ ਆ ਕੇ ਰਾਏਕੋਟ ਰਹਿਣ ਸਬੰਧੀ ਬਿਲਕੁਲ ਵੀ ਜਾਣਕਾਰੀ ਨਹੀਂ ਸੀ। ਮੇਜਰ ਸਿੰਘ ਨੇ ਦੱਸਿਆ ਕਿ ਰਾਏਕੋਟ ਜਿਸ ਹਸਪਤਾਲ ਵਿੱਚ ਉਹਨਾਂ ਦੇ ਬੇਟੇ ਨੂੰ ਦਾਖਲ ਕਰਵਾਇਆ ਗਿਆ ਉੱਥੇ ਡਾਕਟਰ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬੇਟੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਉਹਨਾਂ ਦੱਸਿਆ ਕਿ ਰਾਏਕੋਟ ਹਸਪਤਾਲ ਵਿੱਚ ਬੇਟੇ ਦੀ ਹਾਲਤ ਗੰਭੀਰ ਦੇਖ ਕੇ ਉਹਨਾਂ ਨੇ ਰਾਏਕੋਟ ਤੋਂ ਲੁਧਿਆਣਾ ਲਈ ਰੈਫਰ ਕਰਵਾਇਆ ਪਰੰਤੂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮੇਜਰ ਸਿੰਘ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਬੇਟੇ ਨੇ ਕੋਈ ਜਹਿਰੀਲੀ ਚੀਜ਼ ਨਿਗਲੀ ਨਹੀਂ ਸਗੋਂ ਉਕਤ ਗੁਰਪ੍ਰੀਤ ਕੌਰ ਨੇ ਉਨਾਂ ਦੇ ਬੇਟੇ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਹੈ। ਥਾਣਾ ਸਿਟੀ ਰਾਏਕੋਟ ਦੇ ਐਸ ਐਚ ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕੁਲਜੋਤ ਸਿੰਘ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਗੁਰਪ੍ਰੀਤ ਕੌਰ ਦੇ ਖ਼ਿਲਾਫ਼ ਧਾਰਾ 306 ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਿਤਾ ਮੇਜਰ ਸਿੰਘ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਗੁਰਪ੍ਰੀਤ ਕੌਰ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਮ੍ਰਿਤਕ ਨੌਜਵਾਨ ਕੇਤੂਕੁਲਜੋਤ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਗੁਰਪ੍ਰੀਤ ਕੌਰ ਦੇ ਦੂਜੇ ਪਤੀ ਪ੍ਰਦੀਪ ਸਿੰਘ ਅਤੇ ਰਾਏਕੋਟ ਤੋਂ ਫੋਨ ਕਰਨ ਵਾਲੇ ਹੋਟਲ ਮਾਲਕ ਦੀ ਭੂਮਿਕਾ ਦੀ ਪੜਤਾਲ ਦੀ ਵੀ ਮੰਗ ਕੀਤੀ।