Skip to main content

Gee 98News

ਅਦਾਲਤ ‘ਚ ਚੱਲ ਰਹੇ ਕੇਸ ਸਬੰਧੀ ਲਾਪਰਵਾਹੀ ਵਰਤਣ ਵਾਲੇ 6 ਪ੍ਰਿੰਸੀਪਲ ਅਤੇ 6 ਹੈੱਡਮਾਸਟਰਾਂ ਖ਼ਿਲਾਫ਼ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ

ਚੰਡੀਗੜ੍ਹ,15 ਜੂਨ, Gee98 news service
-ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਇੱਕ ਕੇਸ ਸਬੰਧੀ ਮੰਗੀ ਗਈ ਲੋੜੀਦੀ ਜਾਣਕਾਰੀ ਸਮੇਂ ਸਿਰ ਮੁਹੱਈਆ ਨਾ ਕਰਵਾਉਣ ਵਾਲੇ 6 ਪ੍ਰਿੰਸੀਪਲਾਂ ਤੇ 6 ਹੈੱਡਮਾਸਟਰਾਂ ਨੂੰ ਚਾਰਜਸ਼ੀਟ ਕੀਤਾ ਗਿਆ ਅਤੇ ਉਹਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ‌ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਾਲੀ ਨੇ ਕਿਹਾ ਕਿ 7 ਦਿਨਾਂ ਦੇ ਅੰਦਰ ਅੰਦਰ ਨੋਟਿਸ ਦਾ ਜਵਾਬ ਦੇਣਾ ਹੋਵੇਗਾ ਅਤੇ ਉਸ ਤੋਂ ਬਾਅਦ ਦੋਸ਼ ਸੂਚੀ ਅਤੇ ਨੋਟਿਸ ਦੇ ਜਵਾਬ ਨੂੰ ਵਿਚਾਰਿਆ ਜਾਵੇਗਾ ਅਤੇ ਗੁਣ-ਦੋਸ਼ਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ‌ਜਿਨ੍ਹਾਂ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਇਕ ਪ੍ਰਿੰਸੀਪਲ ਸਾਇੰਸ ਵਿਸ਼ੇ ਦਾ ਜ਼ਿਲ੍ਹਾ ਮੈਂਟਰ ਰਹਿ ਚੁੱਕਾ ਹੈ। ਇਸੇ ਤਰ੍ਹਾਂ 3 ਸਟੇਟ ਐਵਾਰਡੀ ਤੇ 2 ਸਕੂਲ ਆਫ਼ ਐਮੀਨੈਂਸ ’ਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ। ਦਰਅਸਲ, ਸਿੱਖਿਆ ਵਿਭਾਗ ਦਾ ਇਕ ਅਹਿਮ ਕੇਸ ‘ਐੱਲਪੀਏ 691 ਆਫ਼ 2020 ‘ਲਾਭ ਸਿੰਘ ਧਾਰੀਵਾਲ ਅਤੇ ਹੋਰ’ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਅਧੀਨ ਸੀ। ਇਸ ਵਿਚ ਪੈਨਸ਼ਨਰਾਂ ਦੇ ਏਰੀਅਰ ਸਬੰਧੀ ਜਾਣਕਾਰੀ ਮੰਗੀ ਗਈ ਸੀ। ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ 1 ਜਨਵਰੀ 2006 ਤੋਂ 30 ਨਵੰਬਰ 2011 ਤਕ ਅਤੇ 1 ਦਸੰਬਰ 2011 ਤੋਂ 30 ਜੂਨ 2024 ਤਕ ਇਸ ਸਬੰਧੀ ਵੇਰਵੇ ਮੰਗੇ ਸਨ। ਇਹ ਡਾਟਾ ਸੈਕਸ਼ਨ ਅਫ਼ਸਰ ਪਾਸੋਂ ਪੜ੍ਹਤਾਲ ਹੋਕੇ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਭੇਜਿਆ ਜਾਣ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਡਾਟੇ ਦੇ ਆਧਾਰ ’ਤੇ ਹੀ ਅੱਗੇ ਹੋਰਨਾਂ ਪੈਨਸ਼ਰਾਂ ਨੂੰ ਲਾਭ ਮਿਲਣਾ ਸੀ। ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਏਡਿਡ ਤੇ ਸਰਕਾਰੀ ਸਕੂਲਾਂ ਪਾਸੋਂ ਜੂਨ ਦੇ ਪਹਿਲੇ ਹਫ਼ਤੇ ਤੋਂ ਹੀ ਡੀਈਓ ਦਫ਼ਤਰ ਮੋਹਾਲੀ ਅਜਿਹੀ ਜਾਣਕਾਰੀ ਮੰਗ ਰਿਹਾ ਸੀ। ਇਸ ਦੌਰਾਨ ਇਨ੍ਹਾਂ ਪ੍ਰਿੰਸੀਪਲਾਂ ਨੇ ਇਹ ਜਾਣਕਾਰੀ ਦੇਣ ਵਿਚ ਜਾਂ ਤਾਂ ਦੇਰੀ ਕਰ ਦਿੱਤੀ ਜਾਂ ਫੇਰ ਦਿੱਤੀ ਹੀ ਨਹੀਂ। ਪੇਸ਼ੀ ਦੌਰਾਨ ਅਦਾਲਤ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਝਾੜ ਪਾਈ ਜਿਸ ਦਾ ਸੇਕ ਹੁਣ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਨੂੰ ਵੀ ਲੱਗ ਗਿਆ। ਸਿੱਖਿਆ ਵਿਭਾਗ ਨੇ ਅਦਾਲਤ ਵਿਚ ਕੇਸ ਦਾ ਸਮੇਂ ਸਿਰ ਜਵਾਬ ਦੇਣਾ ਸੀ। 200 ਤੋਂ ਵੱਧ ਸਕੂਲਾਂ ਦੇ ਮੁੱਖੀਆਂ ਨੇ ਸਮੇਂ ਸਿਰ ਜਵਾਬ ਫ਼ਾਈਲ ਕਰ ਦਿੱਤਾ ਪਰ ਇਹ 12 ਸਕੂਲਾਂ ਦੇ ਮੁਖੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਲਈ ਇਨ੍ਹਾਂ ਪਾਸੋਂ ਜਵਾਬ ਮੰਗਿਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਿੰਨਾਂ ਪ੍ਰਿੰਸੀਪਲਾਂ ਤੇ ਹੈਡਮਾਸਟਰਾਂ ਖਿਲਾਫ ਕਾਰਵਾਈ ਕੀਤੀ ਗਈ ਉਹਨਾਂ ਵਿੱਚ ਰੁਪਿੰਦਰ ਕੌਰ ਹੈੱਡਮਿਸਟ੍ਰੈੱਸ ਧਰਮਗੜ੍ਹ,ਪਰਮਜੀਤ ਕੌਰ ਹੈੱਡ. ਬਲੌਂਗੀ,ਸੰਧਿਆ ਸ਼ਰਮਾ ਪ੍ਰਿੰਸੀਪਲ ਗੋਬਿੰਦਗੜ੍ਹ,ਕੁਲਵਿੰਦਰ ਸਿੰਘ ਹੈੱਡਮਾਸਟਰ ਸਰਸੀਣੀ,ਬਲਵਿੰਦਰ ਕੌਰ ਹੈੱਡ ਸੈਦਪੁਰ,ਸਲਿੰਦਰ ਸਿੰਘ ਪ੍ਰਿੰਸੀਪਲ 3ਬੀ2 ਮੁਹਾਲੀ, ਅਮਰਬੀਰ ਸਿੰਘ ਪ੍ਰਿੰਸੀ. ਸਮਗੌਲੀ,ਸੋਨੀਆ ਸਿੰਘ ਹੈੱਡ. ਭਾਗੋਮਾਜਰਾ,ਅਨੀਤਾ ਭਾਰਦਵਾਜ ਪ੍ਰਿੰਸੀ. ਬਨੂੜ,ਇਕਬਾਲ ਕੌਰ ਪ੍ਰਿੰਸੀ. ਖਿਜ਼ਰਾਬਾਦ,ਹਰਭੁਪਿੰਦਰ ਕੌਰ,ਪ੍ਰਿੰਸੀ. ਤਿਊੜ, ਰਵਿੰਦਰ ਕੌਰ ਹੈੱਡ ਬੂਥਗੜ੍ਹ ਦੇ ਨਾਮ ਸ਼ਾਮਿਲ ਹਨ।

error: Content is protected !!