Gee 98News

ਹੁਣ ਅਸੀਂ ਕੀਹਨੂੰ ਕਹਾਂਗੇ ‘ਸਾਡਾ ਬਾਈ ਮੰਤਰੀ’…ਤੇ ਕਦੋਂ ਮਿਲੇਗੀ ਸਾਨੂੰ ‘ਝੰਡੀ ਵਾਲੀ ਕਾਰ’…!

ਬਰਨਾਲਾ,21 ਜੂਨ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਤੋਂ ਵਿਧਾਇਕੀ ਛੱਡ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਬਰਨਾਲੇ ਵਾਲਿਆਂ ਤੋਂ ਝੰਡੀ ਵਾਲੀ ਕਾਰ ਵੀ ਵਾਪਸ ਲੈ ਲਈ ਹੈ। ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਹੁਣ ਪੰਜਾਬ ਵਜਾਰਤ ਵਿੱਚ ਬਰਨਾਲੇ ਵਾਲਿਆਂ ਦੀ ਹਿੱਸੇਦਾਰੀ ਖਤਮ ਹੋ ਗਈ ਹੈ। ‌ ਬਰਨਾਲਾ ਜ਼ਿਲ੍ਹੇ ਲਈ “ਸੁੱਖਾਂ ਸੁੱਖਦਿਆਂ ਨੂੰ” ਇਹ ਦਿਨ ਆਏ ਸੀ ਜਦੋਂ ਜਿਲ੍ਹੇ ਦਾ ਕੋਈ ਤੇਜ਼ ਤਰਾਰ, ਪੜ੍ਹਿਆ ਲਿਖਿਆ ਵਿਧਾਇਕ ਵਜ਼ਾਰਤ ਦਾ ਹਿੱਸਾ ਬਣਿਆ ਸੀ ਪ੍ਰੰਤੂ ਆਮ ਆਦਮੀ ਪਾਰਟੀ ਨੇ ਮੰਤਰੀ ਜੀ ਨੂੰ ਲੋਕ ਸਭਾ ਚੋਣ ਦੀ ਟਿਕਟ ਦੇ ਕੇ “ਸਾਡਾ ਬਾਈ ਮੰਤਰੀ” ਵਾਲਾ ਚਾਅ ਖਤਮ ਕਰ ਦਿੱਤਾ। ਉੰਝ ਭਾਵੇਂ ਮੀਤ ਹੇਅਰ ਦੇ ਸਮਰਥਕ ਲੋਕ ਸਭਾ ‘ਚ ਵੱਡੀ ਜਿੱਤ ਤੋਂ ਖੁਸ਼ ਵੀ ਹਨ ਪ੍ਰੰਤੂ ਬਰਨਾਲਾ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਵੀ ਹੈ ਜਿਹੜੇ ਮੰਤਰੀਪੁਣਾ ਖੁਸ ਜਾਣ ‘ਤੇ ਨਿਰਾਸ਼ ਵੀ ਹੋਏ ਹਨ, ਕਿਉਂਕਿ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਵਿੱਚ ਜਿਹੜੀ ਭੂਮਿਕਾ ਮੰਤਰੀ ਅਦਾ ਕਰ ਸਕਦਾ ਹੈ,ਉਹ ਮੈਂਬਰ ਪਾਰਲੀਮੈਂਟ ਨਹੀਂ ਕਰ ਸਕਦਾ, ਉਹ ਵੀ ਅਜਿਹੇ ਹਾਲਾਤਾਂ ਵਿੱਚ ਜਦੋਂ ਕੇਂਦਰ ‘ਚ ਸਰਕਾਰ ਵਿਰੋਧੀ ਪਾਰਟੀ ਦੀ ਹੋਵੇ। ‌ ਭਾਵੇਂ ਕਿ ਮੀਤ ਹੇਅਰ ਦੀ ਕਾਬਲੀਅਤ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰੰਤੂ ਬਤੌਰ ਖੇਡ ਮੰਤਰੀ ਉਹਨਾਂ ਵੱਲੋਂ ਸ਼ੁਰੂ ਕੀਤੇ ਖੇਡ ਪਾਰਕ/ਖੇਡ ਨਰਸਰੀਆਂ ਦੇ ਪ੍ਰੋਜੈਕਟ ਵੀ ਲਟਕ ਸਕਦੇ ਹਨ ਕਿਉਂਕਿ ਇਹ ਪ੍ਰੋਜੈਕਟ ਸੂਬੇ ਦੇ ਨਵੇਂ ਖੇਡ ਮੰਤਰੀ ‘ਤੇ ਨਿਰਭਰ ਕਰਦੇ ਹਨ। ਆਮ ਆਦਮੀ ਪਾਰਟੀ ਦੇ ਬਰਨਾਲਾ ਨਾਲ ਸੰਬੰਧਿਤ ਕੁਝ ਆਗੂ ਅਤੇ ਵਰਕਰ ਅਜਿਹੇ ਵੀ ਹਨ ਜਿਹੜੇ ਇਹ ਮਹਿਸੂਸ ਕਰਦੇ ਹਨ ਕਿ MP ਤੋਂ ਮੰਤਰੀ ਵੱਡਾ ਹੁੰਦਾ ਪ੍ਰੰਤੂ ਪਾਰਟੀ ਦਾ ਬਹੁਤਾ ਕਾਡਰ ਅਜਿਹਾ ਹੈ ਜਿਹੜਾ ਮੰਤਰੀ ਤੋਂ MP ਤੱਕ ਦੇ ਸਫਰ ਦੇ ਨਤੀਜੇ ਨੂੰ ਸਮਝਣ ਤੋਂ ਅਸਮਰੱਥ ਹੈ। ਫਿਰ ਵੀ ਪਾਰਟੀ ਦੇ ਬਹੁਤੇ ਵਲੰਟੀਅਰ ਇਹ ਮਹਿਸੂਸ ਕਰ ਰਹੇ ਹਨ ਕਿ ਹੁਣ ਉਹ ਕੀਹਨੂੰ ਸਾਡਾ ਬਾਈ ਮੰਤਰੀ ਕਹਿਣਗੇ ਅਤੇ ਬਰਨਾਲੇ ਨੂੰ ਝੰਡੀ ਵਾਲੀ ਕਾਰ ਕਦੋਂ ਮਿਲੇਗੀ। ਚਰਚਾ ਤਾਂ ਇਹ ਵੀ ਹੋ ਰਹੀ ਹੈ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਹਕੂਮਤ ਨੇ ਬਰਨਾਲਾ ਜ਼ਿਲ੍ਹੇ ਦੇ ਵਾਸੀਆਂ ਨਾਲ ਇੱਕ ਅਜਿਹਾ ਮੈਚ ਖੇਡਿਆ ਜਿਸ ਦਾ ਨਤੀਜਾ ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਾਹਮਣੇ ਆਵੇਗਾ।

error: Content is protected !!