Gee 98News

ਜਲੰਧਰ ਜ਼ਿਮਨੀ ਚੋਣ : ਭਗਵੰਤ ਮਾਨ ਨਹੀਂ ਸਗੋਂ ਸੰਦੀਪ ਪਾਠਕ ਹੋਣਗੇ ਪ੍ਰਚਾਰ ਦੇ ਕਮਾਂਡਰ

ਚੰਡੀਗੜ੍ਹ, 22 ਜੂਨ, Gee98 news service
-ਆਮ ਆਦਮੀ ਪਾਰਟੀ ਵੱਲੋਂ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਕਮਾਂਡ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਨਹੀਂ, ਸਗੋਂ ਸੰਸਦ ਸੰਦੀਪ ਪਾਠਕ ਦੇ ਹੱਥ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਦੇ ਆਖਰੀ ਦੌਰ ਵਿੱਚ ਪ੍ਰਚਾਰ ਕਰਨਗੇ। ‌ਆਮ ਆਦਮੀ ਪਾਰਟੀ ਦੇ ਇਸ ਫੈਸਲੇ ਨੂੰ ਰਣਨੀਤਕ ਨਜ਼ਰੀਏ ਤੋਂ ਵੇਖਿਆ ਜਾ ਸਕਦਾ ਹੈ। ਪੰਜਾਬ ‘ਚ ਲੋਕ ਸਭਾ ਚੋਣਾਂ ਵਿੱਚ 13 ਵਿੱਚੋਂ 10 ਸੀਟਾਂ ‘ਤੇ ਹਾਰ ਜਾਣ ਤੋਂ ਤੁਰੰਤ ਬਾਅਦ ਹੋ ਰਹੀ ਜ਼ਿਮਨੀ ਚੋਣ ਵਿੱਚ ਚੋਣ ਪ੍ਰਚਾਰ ਤੋਂ ਮੁੱਖ ਮੰਤਰੀ ਨੂੰ ਦੂਰ ਰੱਖਣਾ ਆਮ ਆਦਮੀ ਪਾਰਟੀ ਦੀ ਰਣਨੀਤੀ ਮੰਨਿਆ ਜਾ ਰਿਹਾ ਹੈ। ‌ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀਆਂ 13 ਵਿੱਚੋਂ 10 ਸੀਟਾਂ ਦੇ ਹਾਰ ਜਾਣ ਤੋਂ ਬਾਅਦ ਜ਼ਿਮਨੀ ਚੋਣ ਦੇ ਨਤੀਜੇ ਸਰਕਾਰ ਦੇ ਪ੍ਰਦਰਸ਼ਨ ਪ੍ਰਤੀ ਲੋਕਾਂ ਦਾ ਨਜ਼ਰੀਆ ਸਪੱਸ਼ਟ ਕਰਨਗੇ। ਜੇਕਰ ਜ਼ਿਮਨੀ ਚੋਣ ਦਾ ਨਤੀਜਾ ਸਰਕਾਰ ਦੇ ਉਲਟ ਆਇਆ ਤਾਂ ਇਸ ਦਾ ਅਸਰ ਕੰਪੇਨ ਕਮੇਟੀ ਨੂੰ ਲੀਡ ਕਰਨ ਵਾਲੇ ਰਾਜਨੀਤਿਕ ਨੇਤਾ ‘ਤੇ ਪੈਣਾ ਸੁਭਾਵਿਕ ਹੀ ਹੈ, ਇਸੇ ਕਰਕੇ ਹੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਤੋਂ ਮੁੱਖ ਮੰਤਰੀ ਨੂੰ ਦੂਰ ਰੱਖਣਾ ਆਮ ਆਦਮੀ ਪਾਰਟੀ ਦੀ ਰਣਨੀਤਿਕ ਬੁੱਧੀਮਾਨੀ ਮੰਨਿਆ ਜਾ ਰਿਹਾ ਹੈ। ਜਲੰਧਰ ਵੈਸਟ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਇਹ ਸੀਟ ਪਹਿਲਾਂ ਆਮ ਆਦਮੀ ਪਾਰਟੀ ਕੋਲ ਸੀ ਜਿੱਥੋਂ ਵਿਧਾਇਕ ਸ਼ੀਤਲ ਅੰਗਰਾਲ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ‌

error: Content is protected !!