ਚੰਡੀਗੜ੍ਹ,31 ਅਗਸਤ, Gee98 news service
-ਇੱਕ ਸਾਬਕਾ ਕਾਂਗਰਸੀ ਕੌਂਸਲਰ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਵੱਲੋਂ ਕੌਂਸਲਰ ਦੇ ਘਰੇ ਹੀ ਆਤਮ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ ਪ੍ਰੰਤੂ ਨੌਕਰਾਣੀ ਦੇ ਵਾਰਸਾਂ ਨੇ ਕਤਲ ਦਾ ਖਦਸ਼ਾ ਜ਼ਾਹਰ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ। ਇਹ ਘਟਨਾ ਜਲੰਧਰ ਦੀ ਹੈ ਜਿੱਥੇ ਸ਼ਿਵ ਵਿਹਾਰ ਨੇੜੇ ਸਾਬਕਾ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੋਢਲ ਨਗਰ ਦੀ ਰਹਿਣ ਵਾਲੀ ਨਿਕਿਤਾ (22) ਵਜੋਂ ਹੋਈ ਹੈ ਜੋ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਦੀ ਰਹਿਣ ਵਾਲੀ ਸੀ ਉਸਦਾ ਸਾਰਾ ਪਰਿਵਾਰ ਵੀ ਲਖਨਊ ਰਹਿ ਰਿਹਾ ਹੈ ਪਰ ਉਹ ਇਕੱਲੀ ਜਲੰਧਰ ਆਪਣੀ ਮਾਸੀ ਕੋਲ ਰਹਿ ਰਹੀ ਸੀ। ਜਾਣਕਾਰੀ ਮੁਤਾਬਕ ਨਿਕਿਤਾ ਵਰਮਾ ਪਿਛਲੇ 5 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਸੀ। ਮਾਸੀ ਕ੍ਰਿਸ਼ਨਾ ਵਰਮਾ ਨੇ ਦੱਸਿਆ ਕਿ ਨਿਕਿਤਾ ਕਾਂਗਰਸੀ ਆਗੂ ਰੋਹਨ ਸਹਿਗਲ ਦੇ ਘਰ ਕੰਮ ਕਰਦੀ ਸੀ। ਸਵੇਰੇ ਸਾਨੂੰ ਫੋਨ ਆਇਆ ਕਿ ਸਾਡੀ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਪਰਿਵਾਰ ਦਾ ਦੋਸ਼ ਹੈ ਕਿ ਜਿਸ ਥਾਂ ‘ਤੇ ਸਾਡੀ ਧੀ ਨੇ ਫਾਹਾ ਲਾਇਆ ਸੀ, ਉਸ ਥਾਂ ਤੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕਤਲ ਦਾ, ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ। ਪੁਲਿਸ ਨੇ ਪਰਿਵਾਰ ਦੇ ਦੋਸ਼ਾਂ ਦੇ ਆਧਾਰ ‘ਤੇ ਬਿਆਨ ਦਰਜ ਕਰ ਲਏ ਹਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਨਿਕਿਤਾ ਦੀ ਲਾਸ਼ ਬਰਾਮਦ ਕੀਤੀ ਗਈ ਤਾਂ ਉਥੋਂ ਗਰਭਧਾਰਨ ਦੀ ਜਾਂਚ ਕਰਨ ਵਾਲੇ ਕਿੱਟ ਵੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਗਰਭਵਤੀ ਸੀ, ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਇਸ ਬਾਰੇ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ।








