ਚੰਡੀਗੜ੍ਹ,18 ਜਨਵਰੀ (ਨਿਰਮਲ ਸਿੰਘ ਪੰਡੋਰੀ)-
-ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨਸਿੰਘਵਾਲਾ ਵਿਖੇ ਨਸ਼ਾ ਤਸਕਰਾਂ ਵੱਲੋਂ ਅੱਠ ਘਰਾਂ ਨੂੰ ਅੱਗ ਲਗਾ ਕੇ ਸਾੜੇ ਜਾਣ ਦੀ ਘਟਨਾ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਦਾ ਕਰੂਪ ਚਿਹਰਾ ਪੇਸ਼ ਕੀਤਾ ਹੈ। ਇਸ ਘਟਨਾ ਦੇ ਪੀੜ੍ਹਤ ਚੀਕ ਚੀਕ ਕੇ ਆਖ ਰਹੇ ਹਨ ਕਿ ਦੋਸ਼ੀ ਨਸ਼ਾ ਤਸਕਰ ਹਨ ਜਿਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਪੀੜਤਾਂ ਦੇ ਘਰਾਂ ਨੂੰ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਅਤੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਪੀੜਤਾਂ ਤੋਂ ਇਲਾਵਾ ਵੀ ਪਿੰਡ ਦੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਘਰਾਂ ਨੂੰ ਅੱਗ ਲਗਾ ਕੇ ਸਾੜਨ ਵਾਲੇ ਦੋਸ਼ੀ ਕਈ ਵਰ੍ਹਿਆਂ ਤੋਂ ਨਸ਼ੇ ਦਾ ਗੋਰਖ ਧੰਦਾ ਕਰ ਰਹੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਦੀ ਹਰ ਸਰਕਾਰ ਵਿੱਚ ਚੜ ਮੱਚਦੀ ਹੈ ਅਤੇ ਜ਼ਿਲ੍ਹੇ ਦੇ ਵੱਡੇ ਲੀਡਰ ਇਹਨਾਂ ਦੋਸ਼ੀਆਂ ਦੀ ਮੁੱਠੀ ਵਿੱਚ ਬੰਦ ਰਹਿੰਦੇ ਹਨ। ਲੋਕ ਇਹ ਵੀ ਆਖ ਰਹੇ ਹਨ ਕਿ ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਦਾ ਇਹਨਾਂ ਦੋਸ਼ੀਆਂ ਨਾਲ ਗੂੜਾ ਰਿਸ਼ਤਾ ਹੈ। ਦੋਸ਼ੀਆਂ ਦੇ ਨਸ਼ਾ ਤਸਕਰੀ ਨਾਲ ਗੂੜੇ ਸੰਬੰਧਾਂ ਬਾਰੇ ਕਹਾਣੀ ਜੱਗ ਜ਼ਾਹਿਰ ਹੋਣ ਦੇ ਬਾਵਜੂਦ ਵੀ ਬਠਿੰਡਾ ਪੁਲਿਸ ਉਕਤ ਘਟਨਾ ਨੂੰ ਮਹਿਜ਼ ਆਪਸੀ ਰੰਜ਼ਿਸ਼ ਨਾਲ਼ ਜੋੜ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪੀੜਤਾਂ ਦੇ ਘਰਾਂ ਵਿੱਚੋਂ ਕਿਸੇ ਇੱਕ ਨੌਜਵਾਨ ਨਾਲ ਪੁਰਾਣੀ ਕੋਈ ਰੰਜ਼ਿਸ਼ ਹੈ ਜਿਸ ਕਰਕੇ ਦੋਸ਼ੀਆਂ ਨੇ ਘਰਾਂ ਨੂੰ ਅੱਗ ਲਗਾ ਕੇ ਸਾੜਨ ਦੀ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਦੀ ਇਹ ਕਹਾਣੀ ਕਿਸੇ ਦੇ ਵੀ ਗਲ ਤੋਂ ਹੇਠਾਂ ਨਹੀਂ ਉਤਰਦੀ ਕਿ 7-8 ਘਰਾਂ ਵਿੱਚੋਂ ਕਿਸੇ ਇੱਕ ਵਿਅਕਤੀ ਨਾਲ ਨਿੱਜੀ ਰੰਜ਼ਿਸ਼ ਕਰਕੇ ਕੋਈ ਅਪਰਾਧੀ ਸਾਰੇ ਘਰਾਂ ਨੂੰ ਅੱਗ ਲਗਾ ਕੇ ਸਾੜ ਦੇਵੇਗਾ ਪਰੰਤੂ ਇਸ ਦੇ ਬਾਵਜੂਦ ਵੀ ਬਠਿੰਡਾ ਪੁਲਿਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਉਕਤ ਘਟਨਾ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤੋਂ ਦੂਰ ਲਿਜਾ ਕੇ ਨਿੱਜੀ ਰੰਜਿਸ਼ ਨਾਲ ਜੋੜਿਆ ਜਾਵੇ। ਇਸ ਘਟਨਾ ਤੋਂ ਬਾਅਦ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੀਆਂ ਇਨਸਾਫ਼ਪਸੰਦ ਜਥੇਬੰਦੀਆਂ ਦੇ ਆਗੂ ਸ਼ਰੇਆਮ ਆਖ ਰਹੇ ਹਨ ਕਿ ਜੇਕਰ ਇਸ ਘਟਨਾ ਦੀ ਜਾਂਚ ਕਰਦੇ ਸਮੇਂ ਨਸ਼ਾ ਤਸਕਰੀ ਦੇ ਪੱਖ ਨੂੰ ਅਹਿਮ ਪੁਆਇੰਟ ਵਜੋਂ ਰੱਖਿਆ ਜਾਵੇ ਤਾਂ ਬਠਿੰਡਾ ਵਿੱਚ ਮੌਜੂਦਾ ਸਮੇਂ ਦੌਰਾਨ ਪੁਲਿਸ ਦੇ ਉੱਚ ਅਧਿਕਾਰੀ ਅਤੇ ਪਿਛਲੇ ਸਮੇਂ ਦੌਰਾਨ ਤਾਇਨਾਤ ਰਹੇ ਪੁਲਿਸ ਦੇ ਉੱਚ ਅਧਿਕਾਰੀ ਕਾਨੂੰਨ ਦੇ ਕਟਹਿਰੇ ਵਿੱਚ ਖੜੇ ਹੋਣਗੇ ਕਿਉਂਕਿ ਉਕਤ ਨਸ਼ਾ ਤਸਕਰਾਂ ਨਾਲ ਮਿਲ ਕੇ ਤਸਕਰੀ ਦੇ ਗੋਰਖ ਧੰਦੇ ਵਿੱਚ ਜੇ ਸਾਰੇ ਨਹੀਂ ਤਾਂ ਬਹੁਤੇ ਅਫਸਰਾਂ ਨੇ ਹੱਥ ਰੰਗੇ ਹਨ। ਉਕਤ ਨਸ਼ਾ ਤਸਕਰਾਂ ਦੇ ਗਿਰੋਹ ਨੂੰ ਸਿਆਸੀ ਅਤੇ ਕੁਝ ਪੁਲਿਸ ਅਫਸਰਾਂ ਦੀ ਸਰਪ੍ਰਸਤੀ ਮਿਲਣ ਕਰਕੇ ਹੀ ਕੋਈ ਇਹਨਾਂ ਦੇ ਖ਼ਿਲਾਫ਼ ਜ਼ੁਬਾਨ ਨਹੀਂ ਖੋਲ ਰਿਹਾ ਸੀ ਅਤੇ ਹੁਣ ਜਿਹੜੇ ਲੋਕਾਂ ਨੇ ਇਹਨਾਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਜ਼ੁਬਾਨ ਖੋਲੀ ਉਹਨਾਂ ਨੂੰ ਅੰਜਾਮ ਆਪਣੇ ਘਰਾਂ ਨੂੰ ਅੱਗ ਦੇ ਭਾਂਬੜਾਂ ਦੇ ਰੂਪ ਵਿੱਚ ਭੁਗਤਣਾ ਪਿਆ। ਇਸ ਤੋਂ ਵੱਡੀ ਸਿਤਮਜ਼ਰੀਫੀ ਹੋਰ ਕੀ ਹੋ ਸਕਦੀ ਹੈ ਕਿ ਪੀੜਤਾਂ ਦੇ ਦੋਸ਼ਾਂ ਮੁਤਾਬਕ ਘਟਨਾ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਨੂੰ ਸਖ਼ਤ ਧਾਰਾਵਾਂ ਹੇਠ ਨਾਮਜ਼ਦ ਕਰਨ ਦੀ ਬਜਾਏ ਪੁਲਿਸ ਦੋਸ਼ੀਆਂ ਨੂੰ ਬਚਾਉਣ ਦੇ ਰਸਤੇ ਤੁਰੀ ਹੋਈ ਹੈ। ਪੁਲਿਸ ਨੇ ਭਾਵੇਂਇਸ ਮਾਮਲੇ ‘ਚ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਪ੍ਰੰਤੂ ਮੁਕੱਦਮੇ ਦੀ ਕਾਰਵਾਈ ਜਿਸ ਰਸਤੇ ‘ਤੇ ਪੁਲਿਸ ਲੈ ਕੇ ਜਾ ਰਹੀ ਹੈ ਉਹ ਦੋਸ਼ੀਆਂ ਦੇ ਪੱਖ ਵਿੱਚ ਹੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਿਸੇ ਵੀ ਮੰਤਰੀ ਜਾਂ ਹੋਰ ਵੱਡੇ ਆਗੂ ਨੇ ਇਸ ਘਟਨਾ ਦਾ ਉਸ ਪੱਖ ਤੋਂ ਨੋਟਿਸ ਨਹੀਂ ਲਿਆ ਜਿਸ ਪੱਖ ਤੋਂ ਲਿਆ ਜਾਣਾ ਚਾਹੀਦਾ ਸੀ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤਾਂ ਨੂੰ 50-50 ਹਜ਼ਾਰ ਦੀ ਵਿੱਤੀ ਸਹਾਇਤਾ ਦਾ ਐਲਾਨ ਕਰਕੇ ਉਹਨਾਂ ਦੇ ਜ਼ਖਮਾਂ ‘ਤੇ ਲੂਣ ਭੁੱਕਣ ਵਾਲੀ ਗੱਲ ਕੀਤੀ ਗਈ ਹੈ ਜਦਕਿ ਪੀੜਤਾਂ ਦਾ ਅੱਗ ਦੇ ਨਾਲ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਹੈ। ਪਿੰਡ ਦਾਨ ਸਿੰਘ ਵਾਲਾ ਦੀ ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਸੂਬੇ ਚੋਂ ਨਸ਼ਾ ਤਸਕਰੀ ਖਤਮ ਕਰਨ ਸਬੰਧੀ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ, ਸਗੋਂ ਵੱਡੀ ਪੱਧਰ ‘ਤੇ ਆਪ ਆਗੂਆਂ ਨੇ ਰਵਾਇਤੀ ਪਾਰਟੀਆਂ ਦੇ ਆਗੂਆਂ ਵਾਂਗ ਨਸ਼ਾ ਤਸਕਰਾਂ ਨਾਲ ਗੱਠਜੋੜ ਕਰ ਲਿਆ ਹੈ।









