ਚੰਡੀਗੜ੍ਹ,19 ਜਨਵਰੀ, Gee98 News service
-ਸਾਈਬਰ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਫ਼ੋਨ ਕਾਲਾਂ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਹੈ। ਦਰਅਸਲ, ਸਰਕਾਰ ਵੱਲੋਂ ਟੈਲੀਕਾਮ ਕੰਪਨੀਆਂ ਨੂੰ ਹੁਕਮ ਦਿੱਤੇ ਗਏ ਹਨ। ਇਸ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੂੰ ਕਾਲ ਕਰਨ ਵਾਲੇ ਵਿਅਕਤੀ ਦਾ ਨਾਂ ਦਿਖਾਉਣਾ ਹੋਵੇਗਾ, ਭਾਵੇਂ ਨੰਬਰ ਸੇਵ ਨਾ ਹੋਵੇ ਭਾਵ ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਵੇਗੀ ਉਹ ਨੰਬਰ ਭਾਵੇਂ ਤੁਹਾਡੇ ਮੋਬਾਈਲ ਵਿੱਚ save ਨਾ ਹੋਵੇ ਤਾਂ ਵੀ ਤੁਹਾਨੂੰ ਉਸ ਵਿਅਕਤੀ ਦਾ ਨਾਮ ਡਿਸਪਲੇ ਉੱਪਰ ਦਿਸੇਗਾ। ਅੱਜ
ਕੱਲ੍ਹ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਕਾਰਨ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ। ਕੁਝ ਲੋਕ ਇਨ੍ਹਾਂ ਫ਼ੋਨ ਕਾਲਾਂ ਨੂੰ ਅਣਜਾਣੇ ਵਿਚ ਜਾਂ ਲਾਲਚ ਵਿਚ ਚੁੱਕ ਲੈਂਦੇ ਹਨ ਅਤੇ ਫਿਰ ਸਾਈਬਰ ਠੱਗਾਂ ਦੇ ਚੁੰਗਲ ਵਿਚ ਫਸ ਜਾਂਦੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਮੋਬਾਈਲ ‘ਤੇ ਕਾਲ ਕਰਨ ਵਾਲੇ ਦਾ ਨਾਂ ਉਸ ਦੇ ਨੰਬਰ ਦੇ ਨਾਲ ਦਿਖਾਉਣ। ਦੂਰਸੰਚਾਰ ਵਿਭਾਗ ਨੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਛੇਤੀ ਤੋਂ ਛੇਤੀ ਨੰਬਰ ਦੇ ਨਾਲ ਨਾਮ ਦਿਖਾਉਣ ਦੀ ਸੇਵਾ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਮਹਾਰਾਸ਼ਟਰ ਅਤੇ ਹਰਿਆਣਾ ‘ਚ ਇਹ ਤਜਰਬਾ ਵੀ ਕੀਤਾ ਜਾ ਚੁੱਕਾ ਹੈ, ਜੋ ਸਫਲ ਰਿਹਾ ਹੈ। ਇਸ ਸੇਵਾ ਨਾਲ ਉਪਭੋਗਤਾ ਨਾਮ ਦੇ ਨਾਲ-ਨਾਲ ਕਾਲ ਕਰਨ ਵਾਲੇ ਵਿਅਕਤੀ ਦਾ ਨੰਬਰ ਵੀ ਜਾਣ ਸਕਣਗੇ। ਇਸ ਨਾਲ ਅਣਜਾਣ ਲੋਕਾਂ ਤੋਂ ਆਉਣ ਵਾਲੀਆਂ ਸਪੈਮ ਅਤੇ ਕਾਲਾਂ ਨੂੰ ਕਾਫੀ ਹੱਦ ਤੱਕ ਰੋਕਣ ਵਿੱਚ ਮਦਦ ਮਿਲਣ ਦੀ ਉਮੀਦ ਹੈ।









