ਚੰਡੀਗੜ੍ਹ, 3 ਜੁਲਾਈ, Gee98 News service
-ਪਿੰਡ ਵਿੱਚ ਹੀ ਕਿਸੇ ਮੁੰਡੇ ਨਾਲ ‘ਲਵ ਮੈਰਿਜ’ ਕਰਵਾਉਣ ਵਾਲੀ ਕੁੜੀ ਦਾ ਉਸਦੇ ਭਰਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੋਗਾ ਜ਼ਿਲ੍ਹਾ ਦੇ ਕੋਟ ਈਸੇ ਖਾਂ ਕਸਬਾ ਦੇ ਨੇੜੇ ਪਿੰਡ ਦੌਲੇਵਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸਨੇ ਪਿੰਡ ਦੇ ਹੀ ਇੱਕ ਮੁੰਡੇ ਨਾਲ ਲਵ ਮੈਰਿਜ ਕਰਵਾਈ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਦੌਲੇਵਾਲਾ ਦੀ ਸਿਮਰਨ ਕੌਰ ਨੇ ਕਰੀਬ ਤਿੰਨ ਸਾਲ ਪਹਿਲਾਂ ਪਿੰਡ ਦੇ ਹੀ ਇੱਕ ਮੁੰਡੇ ਇੰਦਰਜੀਤ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ, ਜਿਸ ਤੋਂ ਉਸ ਦਾ ਪਰਿਵਾਰ ਅਤੇ ਭਰਾ ਹਰਮਨਜੀਤ ਸਿੰਘ ਨਾਰਾਜ਼ ਸੀ। ਸਿਮਰਨ ਕੌਰ ਦੇ ਭਰਾ ਹਰਮਨਜੀਤ ਸਿੰਘ ਨੇ ਸਿਮਰਨ ਵੱਲੋਂ ਚੁੱਕੇ ਕਦਮ ਦੇ ਕਾਰਨ ਪਰਿਵਾਰ ਦੀ ਹੋਈ ਬਦਨਾਮੀ ਦਾ ਰੋਸ ਆਪਣੇ ਮਨ ਵਿੱਚ ਰੱਖਿਆ ਹੋਇਆ ਸੀ ਅਤੇ ਬੀਤੇ ਕੱਲ੍ਹ ਜਦੋਂ ਸਿਮਰਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਗਈ ਤਾਂ ਹਰਮਨ jiਜੀਤ ਨੇ ਉਸ ਨੂੰ ਸੰਗਤ ਵਿੱਚੋਂ ਇੱਕ ਪਾਸੇ ਬੁਲਾ ਕੇ ਉਸ ਦੇ ਸਿੱਧੀਆਂ ਦੋ ਗੋਲੀਆਂ ਮਾਰ ਦਿੱਤੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਰਮਨਜੀਤ ਸਿੰਘ ਖ਼ੁਦ ਹੀ ਥਾਣੇ ਪੇਸ਼ ਹੋ ਗਿਆ ਅਤੇ ਆਪਣਾ ਪਿਸਤੌਲ ਪੁਲਿਸ ਨੂੰ ਸੌਂਪ ਦਿੱਤਾ।