ਕੌੜਤੂੰਬਾ : ਬਰਨਾਲੇ ਦੇ ਲੋਕ ਜੀਹਨੂੰ ਰਾਜਨੀਤੀ ਤੋਂ ਇੱਕ ਵਾਰ ਮੁਅੱਤਲ ਕਰ ਦੇਣ ਉਹਨੂੰ ਦੁਬਾਰਾ ਬਹਾਲ ਨਹੀਂ ਕਰਦੇ…!
ਬਰਨਾਲਾ,18 ਜੁਲਾਈ (ਨਿਰਮਲ ਸਿੰਘ ਪੰਡੋਰੀ)-
-ਨਗਰ ਕੌਸਲ ਬਰਨਾਲਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੇ ਲਗਾਏ ਕਰੋੜਾਂ ਰੁਪਏ ਟੈਂਡਰ ਰੱਦ ਕਰ ਦਿੱਤੇ ਗਏ ਹਨ। ਇਹ ਟੈਂਡਰ ਪਾਉਣ ਦੇ ਸਮੇਂ ਤੋਂ ਹੀ ਇਹ ਚਰਚਾ ਤੇਜ਼ ਹੋ ਗਈ ਸੀ ਕਿ ਕੁਝ ਅਜਿਹੇ ਕੰਮ ਰੱਖੇ ਗਏ ਹਨ ਜਿਨਾਂ ਨੂੰ ਕਰਨ ਦੀ ਲੋੜ ਹੀ ਨਹੀਂ ਹੈ ਜਾਂ ਫਿਰ ਕੁਝ ਅਜਿਹੀਆਂ ਥਾਵਾਂ ‘ਤੇ ਕੰਮ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿੱਥੇ ਅਜੇ ਲੋੜ ਨਹੀਂ ਜਦਕਿ ਦੂਜੇ ਪਾਸੇ ਕੁਝ ਅਜਿਹੀਆਂ ਥਾਵਾਂ ਹਨ ਜਿੱਥੋਂ ਦੇ ਵਸਨੀਕ ਸਮੱਸਿਆਵਾਂ ਦੇ ਨਾਲ ਦੋ-ਚਾਰ ਹੋ ਰਹੇ ਹਨ। ਪਹਿਲਾਂ ਨਗਰ ਕੌਂਸਲ ਵੱਲੋਂ ਇਹ ਟੈਂਡਰ ਖੋਲਣ ਦੀ ਤਰੀਕ ਵਾਰ-ਵਾਰ ਵਧਾਈ ਗਈ। ਟੈਂਡਰ ਰੱਦ ਕਰਨ ਦੀ ਪ੍ਰਕਿਰਿਆ ਬਾਰੇ ਸਹੀ ਜਾਣਕਾਰੀ ਨਗਰ ਕੌਂਸਲ ਦੇ ਅਧਿਕਾਰੀ ਹੀ ਦੇ ਸਕਦੇ ਨੇ, ਜਿਹੜੇ ਕਿ ਫੋਨ ਨਹੀਂ ਚੁੱਕਦੇ ਪ੍ਰੰਤੂ ਨਗਰ ਕੌਂਸਲ ਦੇ ਵਿਹੜੇ ਰੋਜ਼ ਗੇੜੇ ਮਾਰਨ ਵਾਲੇ ਕੁਝ ਮੌਜੂਦਾ ਅਤੇ ਸਾਬਕਾ ਕੌਂਸਲਰ ਮੂੰਹੋਂਮੂੰਹੀਂ ਗੱਲਾਂ ਕਰ ਰਹੇ ਨੇ ਕਿ ਠੇਕੇਦਾਰ ਵੱਲੋਂ ਨਗਰ ਕੌਸਲ ਦੇ ਅਧਿਕਾਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ਦੀ ਰਕਮ ‘ਤੇ ਰੇੜਕਾ ਪੈ ਗਿਆ। ਇਸ ਸਮੁੱਚੇ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਇੱਕ ਠੇਕੇਦਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਟਿੱਪਣੀ ਕੀਤੀ ਕਿ ‘ਕਮਿਸ਼ਨ ਦੀ ਖੇਡ ਪਹਿਲੀਆਂ ਸਰਕਾਰਾਂ ਮੌਕੇ ਵੀ ਖੇਡੀ ਜਾਂਦੀ ਰਹੀ ਹੈ ਪ੍ਰੰਤੂ ਹੁਣ ਵਾਲਿਆਂ ਦੀਆਂ ਮੁੱਛਾਂ ਦਾਹੜੀ ਨਾਲੋਂ ਵੱਧ ਗਈਆਂ ਹਨ’। ਜਦੋਂ ਠੇਕੇਦਾਰ ਨਾਲ ਸ਼ਹਿਰ ਵਿੱਚ ਲੱਗ ਰਹੇ ਮਾੜੇ ਮੈਟੀਰੀਅਲ ਸਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ‘ਜਿਨਾਂ ਕਮਿਸ਼ਨ ਵੱਧ ਜਾਵੇਗਾ ਓਨੀ ਮੈਟੀਰੀਅਲ ਦੀ ਕੁਆਲਿਟੀ ਘੱਟ ਜਾਵੇਗੀ’। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਨਗਰ ਕੌਂਸਲ ਵੱਲੋਂ ਕਰਵਾਏ ਗਏ ਜਾਂ ਕਰਵਾਏ ਜਾਣ ਵਾਲੇ ਜ਼ਿਆਦਾ ਵਿਕਾਸ ਕੰਮਾਂ ਦੇ ਠੇਕੇ ‘ਨੇਤਾ ਜੀ’ ਦੇ ਸੱਜੇ ਖੱਬੇ ਰਹਿਣ ਵਾਲੇ ਇੱਕ ਸੱਤਾਧਾਰੀ ਆਗੂ ਦੀ ਫਰਮ ਕੋਲ ਹੀ ਹਨ। ‘ਨੇਤਾ ਜੀ’ ਦੇ ਇਰਦ ਗਿਰਦ ਰਹਿਣ ਵਾਲੇ ਕੁਝ ਉਹਨਾਂ ਦੇ ਸਾਥੀ ਇਸ ਚਰਚਾ ਦਾ ਖੰਡਨ ਕਰ ਰਹੇ ਹਨ ਕਿ ਨਗਰ ਕੌਂਸਲ ਬਰਨਾਲਾ ਵਿੱਚ ਖੇਡੀ ਜਾ ਰਹੀ ਕੁਰੱਪਸ਼ਨ ਦੀ ਖੇਡ ਸਬੰਧੀ ‘ਨੇਤਾ ਜੀ’ ਨੂੰ ਜਾਣਕਾਰੀ ਹੈ ਜਾਂ ਉਹਨਾਂ ਦੀ ਕੋਈ ਸ਼ਮੂਲੀਅਤ ਹੈ ਪ੍ਰੰਤੂ ਜਦੋਂ ਖੇਡ ਕਰੋੜਾਂ ਦੀ ਖੇਡੀ ਜਾ ਰਹੀ ਹੋਵੇ ਤਾਂ ਇਹ ਮੰਨਣਾ ਔਖਾ ਲੱਗਦਾ ਹੈ ਕਿ ਸਾਰੇ ਮਾਮਲੇ ਦੀ ਜਾਣਕਾਰੀ ਨੇਤਾ ਜੀ ਨੂੰ ਨਹੀਂ ਹੋਵੇਗੀ।
ਇਸ ਸਮੁੱਚੇ ਮਾਮਲੇ ਸਬੰਧੀ ਜਦ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ “ਸਾਰੇ ਮਾਮਲੇ ‘ਤੇ ਉਹਨਾਂ ਦੀ ਨਜ਼ਰ ਹੈ, ਇਹਨਾਂ ਲੋਕਾਂ ਨੂੰ ਲੈਣੇ ਦੇ ਦੇਣੇ ਪੈਣਗੇ, ਇਹਨਾਂ ਦੇ ਚਿਹਰਿਆਂ ਤੋਂ ਇਮਾਨਦਾਰੀ ਦਾ ਮਖੌਟਾ ਉਤਾਰ ਕੇ ਇਹਨਾਂ ਦੇ ਅਸਲ ਚਿਹਰੇ ਲੋਕਾਂ ਸਾਹਮਣੇ ਨੰਗੇ ਕੀਤੇ ਜਾਣਗੇ,ਅਸੀਂ ਰਿਕਾਰਡ ਇਕੱਠਾ ਕਰ ਰਹੇ ਹਾਂ”। ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ 2014 ਤੋਂ ਨਿਰਸਵਾਰਥ ਜੁੜੇ ਸ਼ਹਿਰ ਦੇ ਕੁਝ ਆਗੂ ਖ਼ੁਦ ਇਹ ਮੰਨ ਰਹੇ ਹਨ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਵਿੱਚ ਕੁਰੱਪਸ਼ਨ ਹੋ ਰਹੀ ਹੈ। ਜਦ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਇਸ ਸਬੰਧੀ ਨੇਤਾ ਜੀ ਨਾਲ ਗੱਲ ਕਿਉਂ ਨਹੀਂ ਕਰਦੇ ਤਾਂ ਇਹਨਾਂ ਟਕਸਾਲੀ ਆਪ ਆਗੂਆਂ ਨੇ ਜਵਾਬ ਦਿੱਤਾ ਕਿ “ਸਾਡੇ ਨੇਤਾ ਜੀ ਚਾਪਲੂਸਾਂ ਵਿੱਚ ਘਿਰੇ ਹੋਏ ਨੇ, ਸਾਡੀ ਕੋਈ ਗੱਲ ਹੀ ਨਹੀਂ ਸੁਣਦਾ”। ਵਿਰੋਧੀ ਪਾਰਟੀਆਂ ਦੇ ਆਗੂ ਜਦੋਂ ਸੱਤਾਧਾਰੀ ਆਗੂਆਂ ਦੀਆਂ ਨੀਤੀਆਂ ‘ਤੇ ਉਂਗਲ ਚੁੱਕਣ ਤਾਂ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਿਹਾ ਜਾਂਦਾ ਹੈ। ਪ੍ਰੰਤੂ ਜੇਕਰ ਆਪਣੇ ਹੀ ਵਿਰੋਧੀਆਂ ਦੀ ‘ਹਾਂ ਵਿੱਚ ਹਾਂ’ ਮਿਲਾਉਣ ਤਾਂ ਨੇਤਾ ਜੀ ਨੂੰ ਕੰਨ ਕਰ ਲੈਣਾ ਚਾਹੀਦਾ ਹੈ।
ਨਗਰ ਕੌਂਸਲ ਦੇ ਵਿਕਾਸ ਕੰਮਾਂ ‘ਚ ਕੁਰੱਪਸ਼ਨ ਦੀ ਚਰਚਾ ਦੇ ਦੌਰਾਨ ਇੱਕ ਹੋਰ ਪੱਖ ਵੀ ਸਾਹਮਣੇ ਆ ਰਿਹਾ ਕਿ ਸੱਤਾਧਾਰੀ ਕੌਂਸਲਰਾਂ ਦੀ ਚੁੱਪ ਤਾਂ ਪਾਰਟੀ ਅਨੁਸ਼ਾਸਨ ਦੇ ਪੱਖ ਤੋਂ ਮੰਨੀ ਜਾ ਸਕਦੀ ਹੈ ਪ੍ਰੰਤੂ ਕੁਝ ਵਿਰੋਧੀ ਪਾਰਟੀਆਂ ਦੇ ਕੌਂਸਲਰ ਵੀ ਇਸ ਮਾਮਲੇ ‘ਤੇ ਚੁੱਪ ਵੱਟੀ ਬੈਠੇ ਹਨ। ਇਹਨਾਂ ਵਿੱਚੋਂ ਕੁਝ ਅਜਿਹੇ ਕੌਂਸਲਰ ਵੀ ਹਨ ਜਿਹੜੇ ਹਰ ਵੇਲੇ ਬਰਨਾਲਾ ਸ਼ਹਿਰ ਦੀਆਂ ਗਲੀਆਂ ‘ਚ ਲੋਕ ਸੇਵਕ ਅਤੇ ਇਮਾਨਦਾਰੀ ਦਾ ਮਖੌਟਾ ਪਾ ਕੇ ਵਿਚਰਦੇ ਹਨ ਪਰੰਤੂ ਨਗਰ ਕੌਂਸਲ ਵਿੱਚ ਹੋ ਰਹੀ ਕੁਰੱਪਸ਼ਨ ‘ਤੇ ਇਹਨਾਂ ਕੌਂਸਲਰਾਂ ਦੀ ਜ਼ੁਬਾਨਬੰਦੀ ‘ਤੇ ਟਿੱਪਣੀਆਂ ਹੋ ਰਹੀਆਂ ਹਨ ਕਿ “ਕੁੱਤੀ ਕਿਤੇ ਚੋਰਾਂ ਨਾਲ ਰਲੀ ਹੋਈ ਤਾਂ ਨਹੀਂ ਹੈ”। ਨਗਰ ਕੌਂਸਲ ‘ਚ ਕੁਰੱਪਸ਼ਨ ਦੀ ਚਰਚਾ ਵਿੱਚ ਜਦੋਂ ਕੌਂਸਲ ਦੇ ਅਧਿਕਾਰੀਆਂ ਤੇ ਛੋਟੇ ਮੁਲਾਜ਼ਮਾਂ ਦੀ ਸ਼ਮੂਲੀਅਤ ‘ਤੇ ਇੱਕ ਕੌਂਸਲ ਦੇ ਇੱਕ ਸੇਵਾਮੁਕਤ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ “ਕੁਝ ਨਹੀਂ ਹੁੰਦਾ, ਵੱਧ ਤੋਂ ਵੱਧ ਬਦਲੀ ਹੋਜੂ ਜੇ ਮੁਅੱਤਲ ਵੀ ਹੋ ਗਏ ਤਾਂ ਕੁਰੱਪਸ਼ਨ ਦੀ ਕਮਾਈ ਦਾ ਕੁਝ ਹਿੱਸਾ ਬਹਾਲ ਹੋਣ ‘ਤੇ ਲੱਗਜੂ”। ਬਹਰਹਾਲ ! ਸਰਕਾਰੀ ਅਧਿਕਾਰੀ/ਕਰਮਚਾਰੀ ਤਾਂ ਮੁਅੱਤਲ ਹੋਣ ਤੋਂ ਬਾਅਦ ਬਹਾਲ ਹੋ ਸਕਦੇ ਹਨ ਪਰੰਤੂ ਰਾਜਨੀਤਿਕ ਆਗੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਪੰਜ ਸਾਲ ਬਾਅਦ ਲੋਕਾਂ ਦੀ ਕਚਹਿਰੀ ਵਿੱਚ ਦੁਬਾਰਾ ਬਹਾਲ ਹੋਣ ਲਈ ਜਾਣਾ ਹੈ ਤੇ ਬਰਨਾਲਾ ਦੀ ਰਾਜਨੀਤੀ ਸਬੰਧੀ ਇਹ ਕੰਧ ‘ਤੇ ਲਿਖਿਆ ਹੋਇਆ ਹੈ ਕਿ ਇੱਥੋਂ ਦੇ ਲੋਕ ਜਿਹਨੂੰ ਇੱਕ ਵਾਰ ਸਿਆਸਤ ਤੋਂ ਮੁਅੱਤਲ ਕਰ ਦਿੰਦੇ ਹਨ,ਉਸ ਨੂੰ ਦੁਬਾਰਾ ਬਹਾਲ ਨਹੀਂ ਕਰਦੇ।