ਬਰਨਾਲਾ,23 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਸ਼ਹਿਰ ਬਰਨਾਲਾ ‘ਚ ਬਣੇ ਹੋਟਲਾਂ ਵਿੱਚੋਂ ਕੁਝ ਹੋਟਲਾਂ ਵਿੱਚ ਦੇਹ ਵਪਾਰ ਦੇ ਧੰਦੇ ਸਬੰਧੀ ਖ਼ਬਰਾਂ ਲੱਗਣ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਇਸ ਗ਼ੈਰ ਸਮਾਜੀ ਵਰਤਾਰੇ ਦੀ ਤਹਿ ਤੱਕ ਜਾਂਦਿਆਂ ਸਾਹਮਣੇ ਆਇਆ ਕਿ ਸ਼ਹਿਰਾਂ ਦੇ ਵਿੱਚ ਹੋਟਲ ਮਾਫੀਆ ਬਣਿਆ ਹੋਇਆ ਹੈ ਜਿਸ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਇਸ ਮਾਫ਼ੀਆ ਦਾ ਇੱਕ “ਸਰਦਾਰ” ਬਣਿਆ ਹੋਇਆ ਹੈ ਜਿਹੜਾ ਹੋਟਲ ਦੇ ਕਾਰੋਬਾਰ ਨਾਲ ਸੰਬੰਧਿਤ ਅਧਿਕਾਰੀਆਂ ਦੀ ਅੱਖ ‘ਚ ‘ਡੱਕਾ’ ਮਾਰਦਾ ਹੈ, ਜਿਸ ਨਾਲ ਇਹਨਾਂ ਅਧਿਕਾਰੀਆਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਅਤੇ ਫਿਰ ਦਿਨ ਦਿਹਾੜੇ ਸ਼ਰੇਆਮ ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ ਖੇਡੀ ਜਾਂਦੀ ਹੈ। ਇਨਾਂ ਕੁਝ ਹੋਟਲਾਂ ਦੇ ਕਮਰੇ ਕਹਿਣ ਨੂੰ ਤਾਂ ਸ਼ਹਿਰ ਦੇ ਕਿਸੇ ਪਰਿਵਾਰ ਵਿੱਚ ਵੱਡੇ ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਠਹਿਰਾਉਣ ਜਾਂ ਕਿਸੇ ਆਮ ਵਿਅਕਤੀ ਦੇ ਠਹਿਰਣ ਜਾਂ ਪਤੀ ਪਤਨੀ ਦੇ ਠਹਿਰਣ ਜਾਂ ਫਿਰ ਸ਼ਹਿਰ ਵਿੱਚ ਦੂਰ ਨੇੜਿਓਂ ਕੰਮ ਕਰਨ ਆਏ ਕਿਸੇ ਵਿਅਕਤੀ ਦੇ ਠਹਿਰਣ ਲਈ ਬਣੇ ਹੋਏ ਹਨ ਪ੍ਰੰਤੂ ਜੇਕਰ ਇਨਾਂ ਹੋਟਲਾਂ ਦਾ ਰੋਜ਼ਾਨਾ ਦਾ ਰਿਕਾਰਡ ਵੇਖਿਆ ਜਾਵੇ ਤਾਂ ਇਨਾਂ ਹੋਟਲਾਂ ਦੇ ਕਮਰਿਆਂ ਦੀ ਉਕਤ ਮਕਸਦ ਲਈ ਵਰਤੋਂ ਹੁੰਦੀ ਹੀ ਨਹੀਂ ਹੈ।
ਪੱਤਰਕਾਰਾਂ ਨੇ ਸਟਿੰਗ ਆਪਰੇਸ਼ਨ ਰਾਹੀਂ ਇਹ ਤੱਥ ਹਾਸਿਲ ਕੀਤੇ ਕਿ ਇਹਨਾਂ ਹੋਟਲਾਂ ਵਿੱਚ ਬਰਨਾਲਾ ਸ਼ਹਿਰ ਦੇ ਆਸ ਪਾਸ ਪਿੰਡਾਂ ਦੇ ਨਵੀਂ ਉਮਰ ਦੇ ਮੁੰਡੇ ਕੁੜੀਆਂ ਕੁਝ ਕੁਝ ਸਮੇਂ ਲਈ ਆਪਣੀ ਹਵਸ ਦੀ ਭੁੱਖ ਮਿਟਾਉਣ ਲਈ ਆਉਂਦੇ ਹਨ। ਇਹਨਾਂ ਵਿੱਚੋਂ ਬਹੁਤੇ ਜੋੜੇ ਅਜਿਹੇ ਹੁੰਦੇ ਹਨ ਜਿਹੜੇ ਸੈਕੰਡਰੀ ਪੱਧਰ ਦੀ ਵਿਦਿਆ ਤੱਕ ਪਿੰਡਾਂ ਦੇ ਸਕੂਲਾਂ ‘ਚ ਪੜ੍ਹਦੇ ਵਕਤ ਇਸ਼ਕ ਮੁਹੱਬਤ ਦੇ ਚੱਕਰਾਂ ਵਿੱਚ ਫਸ ਜਾਂਦੇ ਹਨ ਅਤੇ ਫਿਰ ਜਦੋਂ ਉਚੇਰੀ ਸਿੱਖਿਆ ਲਈ ਪਿੰਡੋ ਬਾਹਰ ਨਿਕਲ ਕੇ ਸ਼ਹਿਰ ਦੇ ਕਾਲਜਾਂ ਵਿੱਚ ਆਉਂਦੇ ਹਨ ਤਾਂ ਇਹ ਇਸ਼ਕ ਮੁਹੱਬਤ ਦੇ ਚੱਕਰਾਂ ਤੋਂ ਉੱਪਰ ਉੱਠ ਕੇ ਹਵਸ ਦੀ ਭੱਠੀ ਵਿੱਚ ਤਪਦੇ ਹੋਏ ਇਹਨਾਂ ਹੋਟਲਾਂ ਦੇ ਕਮਰਿਆਂ ਵਿੱਚ ਆਪਣੀ ਹਵਸ ਦੀ ਅੱਗ ਠੰਡੀ ਕਰਦੇ ਹਨ। ਇਸ ਵਰਤਾਰੇ ਦਾ ਇੱਕ ਪੱਖ ਇਹ ਵੀ ਹੈ ਕਿ ਮਾਪੇ ਆਪਣੀਆਂ ਧੀਆਂ ਨੂੰ ਅੱਗੇ ਵਧਣ ਲਈ ਉਚੇਰੀ ਸਿੱਖਿਆ ਦਾ ਮੌਕਾ ਪ੍ਰਦਾਨ ਕਰਦੇ ਹਨ ਪ੍ਰੰਤੂ ਕੁਝ ਭਟਕੀਆਂ ਧੀਆਂ ਥਾਰ ਵਾਲੇ ਕਾਕਿਆਂ ਅਤੇ ਮਜਨੂੰਆਂ ਦੀਆਂ ਗੱਲਾਂ ਵਿੱਚ ਫਸ ਕੇ ਆਪਣੀ ਮਾਂ ਦੀ ਚੁੰਨੀ ਅਤੇ ਪਿਓ ਦੀ ਪੱਗ ਇਹਨਾਂ ਹੋਟਲਾਂ ਦੇ ਕਮਰਿਆਂ ਦੀ ਕਿੱਲੀ ‘ਤੇ ਟੰਗ ਜਾਂਦੀਆਂ ਹਨ। ਇਹ ਪੱਖ ਭਾਵੇਂ ਇਕ ਚੀਸ ਦੀ ਤਰ੍ਹਾਂ ਸਮੁੱਚੇ ਸਮਾਜ ਦੇ ਕਾਲਜੇ ‘ਚ ਛੁਰੀ ਵਾਂਗ ਲੱਗਣ ਵਾਲਾ ਹੈ ਪ੍ਰੰਤੂ ਬਹੁਤੇ ਲੋਕਾਂ ਨੇ ਇਸ ਨੂੰ ਵੇਖ ਕੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਹੋਟਲਾਂ ਵਾਲੇ ਸੁਪਰੀਮ ਕੋਰਟ ਦੇ ਰੂਲਿੰਗ “ਕਿ ਬਾਲਗ ਬੰਦਾ ਕਿਤੇ ਵੀ ਆ ਜਾ ਸਕਦਾ ਹੈ/ਕਿਵੇਂ ਮਰਜ਼ੀ ਰਹਿ ਸਕਦਾ ਹੈ” ਨੂੰ ਗੈਰ ਸਮਾਜੀ ਧੰਦੇ ਤਹਿਤ ਆਪਣੀਆਂ ਤਿਜੌਰੀਆਂ ਭਰਨ ਲਈ ਵਰਤ ਰਹੇ ਹਨ ਜਦ ਕਿ ਸੁਪਰੀਮ ਕੋਰਟ ਦੀ ਰੂਲਿੰਗ ਦਾ ਇਹ ਅਰਥ ਨਹੀਂ ਹੈ ਕਿ ਖਾਣ ਪੀਣ ਦਾ ਲਾਇਸੰਸ ਲੈ ਕੇ ਖੋਲ੍ਹੇ ਇਹਨਾਂ ਹੋਟਲਾਂ ਨੂੰ “ਚਕਲੇ” ਦਾ ਰੂਪ ਦੇ ਦਿੱਤਾ ਜਾਵੇ। ਦੌਰਾਨੇ ਪੜ੍ਹਤਾਲ ਇਹ ਵੀ ਸਾਹਮਣੇ ਆਇਆ ਕਿ ਇਸ ਮਾੜੇ ਧੰਦੇ ਵਿੱਚ ਖਾਕੀ ਵੀ ਦਾਗ਼ਦਾਰ ਹੈ। ਇਨਾਂ ਹੋਟਲਾਂ ਵਾਲਿਆਂ ਨੇ ਜੰਗਲਾਤ ਮਹਿਕਮੇ ਦੀ ਜ਼ਮੀਨ ‘ਤੇ ਵੀ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਹਨਾਂ ਹੋਟਲਾਂ ਵਾਲਿਆਂ ‘ਚ ਵਰਤੇ ਜਾਂਦੇ ਖਾਧ ਪਦਾਰਥਾਂ ‘ਤੇ ਸਿਹਤ ਮਹਿਕਮੇ ਦੇ ਕਿਸੇ ਵੀ ਅਧਿਕਾਰੀ ਨੇ ਅੱਜ ਤੱਕ ਇੱਕ ਵੀ ਇੱਕ ਵਾਰ ਵੀ ਚੈਕਿੰਗ ਨਹੀਂ ਕੀਤੀ। ਦੁੱਖ ਇਸ ਗੱਲ ਦਾ ਵੀ ਹੈ ਕਿ ਪੱਤਰਕਾਰੀ ਦੇ ਨਾਂ ‘ਤੇ ਬਲੈਕਮੇਲਿੰਗ ਕਰਨ ਵਾਲੇ ਕੁਝ ਅਖੌਤੀ ਪੱਤਰਕਾਰ ਵੀ ਇਹਨਾਂ ਹੋਟਲਾਂ ਦੀ ਰਿਸੈਪਸ਼ਨ ‘ਤੇ ਜਾ ਕੇ ਮੁੱਠੀ ਗਰਮ ਕਰਦੇ ਹਨ ਅਤੇ ਸਭ ਕੁਝ ਜਾਣਦੇ ਹੋਏ ਵੀ ਇਸ ਮਾੜੇ ਧੰਦੇ ਦੇ ਖ਼ਿਲਾਫ਼ ਕਲਮ ਨਹੀਂ ਚੁੱਕਦੇ। ਕੁੱਲ ਮਿਲਾ ਕੇ ਇਹ ਕਹਿਣਾ ਵਾਜਿਬ ਹੈ ਕਿ “ਇਸ ਹਮਾਮ ‘ਚ ਸਾਰੇ ਨੰਗੇ” ਹਨ। ਸ਼ਹਿਰ ਦੀ ਇੱਕ ਕਾਲੋਨੀ ਦੇ ਵਾਸੀਆਂ ਨੇ ਇਨ੍ਹਾਂ ਕੁਝ ਹੋਟਲਾਂ ‘ਚ ਹੋ ਰਹੇ ਗ਼ੈਰ ਸਮਾਜੀ ਧੰਦੇ ਨੂੰ ਬੰਦ ਕਰਵਾਉਣ ਲਈ ਝੰਡਾ ਚੁੱਕਿਆ ਹੈ। ਵੇਖਦੇ ਹਾਂ ਕਿ ਕਾਲੋਨੀ ਵਾਲਿਆਂ ਦੀ ਇਹ ਲੜਾਈ ਕਿੱਥੋਂ ਤੱਕ ਜਾਂਦੀ ਹੈ ਅਤੇ ਕਿਹੜੇ ਕਿਹੜੇ ਭੱਦਰਪੁਰਸ਼ ਇਸ ਲੜਾਈ ‘ਚ ਸਾਥ ਦਿੰਦੇ ਹਨ।