ਬਰਨਾਲਾ, 3 ਅਗਸਤ (ਨਿਰਮਲ ਸਿੰਘ ਪੰਡੋਰੀ)-
ਸ਼ਹਿਰ ਦੇ ਹੋਟਲਾਂ ਦੇ ਕਮਰਿਆਂ ‘ਚ ਦੇਹ ਵਪਾਰ ਦਾ ਮੁੱਦਾ ਅਜੇ ਵੀ ਭਖਿਆ ਹੋਇਆ ਹੈ। ਭਾਵੇਂ ਕਿ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਸ਼ਹਿਰ ਦੇ 11 ਹੋਟਲਾਂ ਨੂੰ ਜਿੰਦਰੇ ਲਗਾ ਦਿੱਤੇ ਸਨ ਪ੍ਰੰਤੂ ਇਹ ਜਿੰਦਰੇ ਕੁਝ ਦਿਨਾਂ ਵਿੱਚ ਹੀ ਖੁੱਲ੍ਹ ਗਏ ਹਨ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਦਰਬਾਰ ਪੁੱਜਿਆ ਹੈ। ਹੋਟਲਾਂ ਵਿੱਚ ਹੋਣ ਵਾਲੇ ਇਸ ਗ਼ੈਰ ਸਮਾਜਿਕ ਧੰਦੇ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਇੰਦਰਲੋਕ ਕਾਲੋਨੀ ਅਤੇ ਸਰਾਭਾ ਨਗਰ ਵਾਸੀਆਂ ਦੀ ਅਗਵਾਈ ਕਰਨ ਵਾਲੇ ਮਾਸਟਰ ਭੋਲਾ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਐਮਪੀ ਮੀਤ ਹੇਅਰ ਨੂੰ ਲਿਖ਼ਤੀ ਪੱਤਰ ਦੇ ਕੇ ਇਹਨਾਂ ਹੋਟਲਾਂ ‘ਚ ਹੋਣ ਵਾਲੇ ਗ਼ੈਰ ਸਮਾਜਿਕ ਧੰਦੇ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਭੋਲਾ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ 11 ਹੋਟਲਾਂ ਨੂੰ ਬੰਦ ਕਰਨ ਮੌਕੇ ਪ੍ਰਸ਼ਾਸਨ ਨੇ ਇਹਨਾਂ ਨੂੰ ਜ਼ਰੂਰੀ ਮਨਜ਼ੂਰੀਆਂ ਲੈਣ ਸਬੰਧੀ ਹੁਕਮ ਦਿੱਤੇ ਸਨ ਪਰੰਤੂ ਬਿਨਾਂ ਮਨਜ਼ੂਰੀਆਂ ਤੋਂ ਇਹ ਹੋਟਲ ਦੁਬਾਰਾ ਫੇਰ ਖੁੱਲ੍ਹ ਗਏ ਹਨ। ਉਹਨਾਂ ਸਵਾਲ ਕੀਤਾ ਕਿ ਜਦੋਂ ਹੋਟਲ ਬੰਦ ਕਰਨ ਵੇਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੋਟਲ ਮਾਲਕਾਂ ਨੂੰ ਸਾਰੀਆਂ ਲੋੜੀਦੀਆਂ ਮਨਜ਼ੂਰੀਆਂ ਲੈਣ ਲਈ ਹੁਕਮ ਦਿੱਤੇ ਤਾਂ ਬਿਨਾਂ ਮਨਜ਼ੂਰੀਆਂ ਤੋਂ ਇਹ ਹੋਟਲ ਖੋਲਣ ਦੇ ਹੁਕਮ ਕਿਸ ਅਧਿਕਾਰੀ ਨੇ ਦਿੱਤੇ ਹਨ ? ਮਾਸਟਰ ਭੋਲਾ ਸਿੰਘ ਨੇ ਇਹ ਨਰਾਜਗੀ ਵੀ ਜ਼ਾਹਿਰ ਕੀਤੀ ਕਿ ਹੋਟਲਾਂ ਦੇ ਕਮਰਿਆਂ ‘ਚ ਗ਼ੈਰ ਸਮਾਜਿਕ ਧੰਦਾ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੇ ਕੁਝ ਪੁਲਿਸ ਅਧਿਕਾਰੀਆਂ ਵੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਚੈਕਿੰਗ ਵੇਲੇ ਹੋਟਲਾਂ ਦੇ ਕਮਰਿਆਂ ‘ਚੋਂ ਪ੍ਰੇਮੀ ਜੋੜੇ ਫੜੇ ਗਏ ਤਾਂ ਉਹਨਾਂ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਗਿਆ ਅਤੇ ਇਸ ਮਾਮਲੇ ‘ਚ ਹੋਟਲ ਮਾਲਕਾਂ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਸਟਰ ਭੋਲਾ ਸਿੰਘ ਨੇ ਇਹ ਵੀ ਸਵਾਲ ਕੀਤਾ ਕਿ ਇਹਨਾਂ ਹੋਟਲਾਂ ਵਾਲਿਆਂ ਨੂੰ ਇੱਕ-ਇੱਕ, ਦੋ-ਦੋ ਘੰਟੇ ਕਮਰੇ ਕਿਰਾਏ ‘ਤੇ ਦੇ ਕੇ ਲੋਕਾਂ ਦੀ ਜਿਸਮਾਨੀ ਭੁੱਖ ਮਿਟਾਉਣ ਦਾ ਲਾਇਸੰਸ ਕਿਸ ਨੇ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪੁਲਿਸ ਨੇ ਹੋਟਲਾਂ ਦੇ ਕਮਰਿਆਂ ਚੋਂ ਜਦੋਂ ਪ੍ਰੇਮੀ ਜੋੜਿਆਂ ਨੂੰ ਫੜਿਆ ਤਾਂ ਉਹਨਾਂ ਦੇ ਖ਼ਿਲਾਫ਼ ਅਤੇ ਹੋਟਲ ਮਾਲਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਪ੍ਰੰਤੂ ਬਰਨਾਲਾ ਪੁਲਿਸ ਆਪਣਾ ਵੱਖਰਾ ਕਾਨੂੰਨ ਬਣਾਈ ਬੈਠੀ ਹੈ ਅਖੇ “ਬਾਲਗ ਬੰਦਾ ਕੁਝ ਵੀ ਕਰ ਸਕਦਾ ਹੈ”।
ਕਾਲੋਨੀ ਵਾਸੀਆਂ ਨੇ ਉਮੀਦ ਜ਼ਾਹਿਰ ਕੀਤੀ ਕਿ ਮੈਂਬਰ ਪਾਰਲੀਮੈਂਟ ਮੀਤ ਹੇਅਰ ਦਖ਼ਲ ਦੇ ਕੇ ਹੋਟਲਾਂ ਦੇ ਕਮਰਿਆਂ ‘ਚ ਹੋਣ ਵਾਲੇ ਇਸ ਗ਼ੈਰ ਸਮਾਜਿਕ ਧੰਦੇ ਨੂੰ ਬੰਦ ਕਰਵਾਉਣਗੇ। ਇਸ ਮੌਕੇ ਇੱਕ ਕਲੋਨੀ ਵਾਸੀ ਨੇ ਕਿਹਾ ਕਿ ਜੇਕਰ ਇਨਾਂ ਹੋਟਲਾਂ ਦੇ ਕਮਰਿਆਂ ‘ਚ ਪੈਸਿਆਂ ਬਦਲੇ ਖੇਡੀ ਜਾਂਦੀ ਜਿਸਮਾਂ ਦੀ ਖੇਡ ਬੰਦ ਨਾ ਹੋਈ ਤਾਂ ਸਮਾਜਿਕ ਤੇ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਹੁਣ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਐਮਪੀ ਮੀਤ ਹੇਅਰ ਵੱਲ ਟਿਕੀਆਂ ਹਨ ਕਿ ਉਹ ਸਮਾਜ ਦਾ ਸਿਰ ਨੀਵਾਂ ਕਰਨ ਵਾਲੇ ਇਸ ਗ਼ੈਰ ਸਮਾਜੀ ਧੰਦੇ ਨੂੰ ਬੰਦ ਕਰਵਾਉਣ ਸਬੰਧੀ ਕੀ ਕਦਮ ਚੁੱਕਣਗੇ ? ਇਸ ਮੌਕੇ ਹਰਬੰਸ ਸਿੰਘ,ਗੁਰਚਰਨ ਸਿੰਘ,ਪਰਮਜੀਤ ਸਿੰਘ,ਬਹਾਦਰ ਸਿੰਘ,ਬਲਤੇਜ ਸਿੰਘ ਸਿੱਧੂ,ਛੋਟਾ ਸਿੰਘ,ਮੋਹਨ ਸਿੰਘ,ਰਾਜਿੰਦਰ ਸਿੰਘ ਬਾਠ,ਨਿਰਮਲ ਸਿੰਘ ਜਾਗਲ,ਖੁਸ਼ਵੰਤ ਸਿੰਘ ਚੀਮਾ,ਬੀਰਕੰਵਲ ਸਿੰਘ ਸੰਧੂ,ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ।