ਬਰਨਾਲਾ,9 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਕੀਤੀਆਂ ਜਾਂਦੀਆਂ ਆਪਣੀਆਂ ਸਿਆਸੀ ਰੈਲੀਆਂ ਵਿੱਚ ਹੁਣ ਸਰਕਾਰੀ ਬੱਸਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੈ ਕੇ ਨਹੀਂ ਜਾਣਗੀਆਂ। ਪੰਜਾਬ ਰੋਡਵੇਜ਼/ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਮੁਲਾਜ਼ਮਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਟਕੇ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਕਿਸੇ ਵੀ ਸਿਆਸੀ ਰੈਲੀ ਵਿੱਚ ਸਰਕਾਰੀ ਬੱਸਾਂ ਲੈ ਕੇ ਨਹੀਂ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਰਨਤਾਰਨ ਜ਼ਿਲ੍ਹੇ ‘ਚ ਆਮ ਆਦਮੀ ਪਾਰਟੀ ਦੀ ਇੱਕ ਰੈਲੀ ਦੌਰਾਨ ਇੱਕ ਪਿੰਡ ਵਿੱਚ ਸਰਕਾਰੀ ਬੱਸ ਵਰਕਰਾਂ ਨੂੰ ਲੈਣ ਗਈ ਭੇਜੀ ਗਈ ਜਿੱਥੇ ਦੋ ਧੜਿਆਂ ਵਿੱਚ ਤਕਰਾਰਬਾਜ਼ੀ ਹੋਈ ਤੇ ਮੌਕੇ ‘ਤੇ ਗੋਲੀ ਵੀ ਚੱਲੀ ਜਿਸ ਤੋਂ ਬਾਅਦ ਡਰਾਈਵਰ ਕੰਡਕਟਰ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹਨ। ਜਥੇਬੰਦੀ ਦੇ ਸੂਬਾ ਆਗੂ ਰਣਧੀਰ ਸਿੰਘ ਗਹਿਲ ਅਤੇ ਜ਼ਿਲ੍ਹਾ ਬਰਨਾਲਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਉਹਨਾਂ ਦੀਆਂ ਮੰਨੀਆਂ ਮੰਗਾਂ ਨੂੰ ਵੀ ਲਟਕਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਸਗੋਂ ਟਾਈਮ ਲੰਘਾਉਣ ਦੀ ਮਨਸ਼ਾ ਦੇ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਲਾਰੇ ਲਾਏ ਜਾ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਜਥੇਬੰਦੀ ਹੁਣ ਆਪਣੀਆਂ ਮੰਨੀਆਂ ਮੰਗਾਂ ਮੰਨਵਾ ਕੇ ਰਹੇਗੀ ਅਤੇ ਹੁਣ ਜਥੇਬੰਦੀ ਸਰਕਾਰ ਦੀਆਂ ਲੂੰਬੜ ਚਾਲਾਂ ਵਿੱਚ ਨਹੀਂ ਆਵੇਗੀ ਇਸੇ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਭਵਿੱਖ ‘ਚ ਕਿਸੇ ਵੀ ਸਿਆਸੀ ਰੈਲੀ ਵਿੱਚ ਉਹ ਸਰਕਾਰੀ ਬੱਸਾਂ ਨਹੀਂ ਲੈ ਕੇ ਨਹੀਂ ਜਾਣਗੇ।










