ਬਰਨਾਲਾ ,10 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਵੱਡੇ ਪਿੰਡ ਸ਼ਹਿਣਾ ਦੇ ਸਾਬਕਾ ਸਰਪੰਚ ਦੇ ਪੁੱਤਰ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਦੀ ਕਹਾਣੀ ਹੋਰ ਉਲਝਦੀ ਜਾਪਦੀ ਹੈ। ਇਸ ਮਾਮਲੇ ਵਿੱਚ ਬਣੀ ਐਕਸ਼ਨ ਕਮੇਟੀ ਨਾਲ ਪ੍ਰਸ਼ਾਸਨ ਦੀਆਂ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਅਤੇ ਕੋਈ ਹੱਲ ਨਹੀਂ ਨਿਕਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਕਸ਼ਨ ਕਮੇਟੀ ਨੇ ਅੱਜ 10 ਅਕਤੂਬਰ ਨੂੰ ਸੰਘਰਸ਼ ਹੋਰ ਤਿੱਖਾ ਕਰਨ ਦੀ ਵਿਉਂਤਬੰਦੀ ਬਣਾਈ ਹੈ। ਦੂਜੇ ਪਾਸੇ ਭਰੋਸੇਯੋਗ ਸੂਤਰਾਂ ਅਨੁਸਾਰ ਮਰਹੂਮ ਸੁਖਵਿੰਦਰ ਸਿੰਘ ਕਲਕੱਤਾ ਦੇ ਘਰੋਂ ਕੁਝ ਦਰਖ਼ਾਸਤਾਂ ਦੀਆਂ ਨਕਲਾਂ ਮਿਲੀਆਂ ਹਨ ਜਿਹੜੀਆਂ ਸੁਖਵਿੰਦਰ ਸਿੰਘ ਕਲਕੱਤਾ ਨੇ ਜ਼ਿਲ੍ਹੇ ਦੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖੀਆਂ ਸਨ ਜਿਨਾਂ ਵਿੱਚੋਂ ਉਸਨੇ ਹਲਕਾ ਵਿਧਾਇਕ ਤੋਂ ਆਪਣੀ ਜਾਨ ਨੂੰ ਖ਼ਤਰੇ ਦਾ ਜ਼ਿਕਰ ਕਰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ, ਭਾਵੇਂ ਇਹਨਾਂ ਚਿੱਠੀਆਂ ਦੀ ਪੂਰੀ ਇਬਾਰਤ ਅਜੇ ਸਾਹਮਣੇ ਨਹੀਂ ਆਈ ਪਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਕਲਕੱਤਾ ਨੇ ਇਹਨਾਂ ਦਰਖ਼ਾਸਤਾਂ ਵਿੱਚ ਵਿਧਾਇਕ ਦਾ ਨਾਮ ਲਿਖ ਕੇ ਉੱਚ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੋਈ ਹੈ। ਕਲਕੱਤਾ ਦੇ ਘਰੋਂ ਮਿਲੀਆਂ ਇਹਨਾਂ ਦਰਖ਼ਾਸਤਾਂ ਦੀਆਂ ਕਾਪੀਆਂ ਨੇ ਜਿੱਥੇ ਰੋਸ ਦੀ ਲਹਿਰ ਹੋਰ ਪ੍ਰਚੰਡ ਕਰ ਦਿੱਤੀ ਹੈ ਉੱਥੇ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਕਟਹਿਰੇ ਵਿੱਚ ਖੜਾ ਕੀਤਾ ਹੈ।
ਦੂਜੇ ਪਾਸੇ ਇਹ ਵੀ ਚਰਚਾ ਹੋ ਰਹੀ ਹੈ ਕਿ ਕਲਕੱਤਾ ਕਤਲ ਮਾਮਲੇ ‘ਚ ਸ਼ਮੂਲੀਅਤ ਤੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹਲਕਾ ਵਿਧਾਇਕ ਵਿਦੇਸ਼ ਉਡਾਰੀ ਮਾਰ ਗਿਆ ਹੈ, ਭਾਵੇਂ ਕਿ ਅਧਿਕਾਰਤ ਤੌਰ ‘ਤੇ ਇਸ ਚਰਚਾ ਦੀ ਪੁਸ਼ਟੀ ਨਹੀਂ ਹੋਈ ਕਿਉਂਕਿ ਵਿਧਾਇਕ ਦੇ ਨੇੜਲਾ ਕੋਈ ਵੀ ਸਾਥੀ ਕੁਝ ਵੀ ਦੱਸਣ ਲਈ ਤਿਆਰ ਨਹੀਂ ਪ੍ਰੰਤੂ ਜਦੋਂ ਬਰਨਾਲਾ ਜ਼ਿਲ੍ਹੇ ਦੇ ਇੱਕ ਸੀਆਈਡੀ ਅਧਿਕਾਰੀ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੇ ਮਲਵੀਂ ਜਿਹੀ ਜੀਭ ਨਾਲ ਕਿਹਾ ਕਿ “ਹੋ ਸਕਦਾ ਵਿਧਾਇਕ ਜਹਾਜ਼ ਚੜ ਗਿਆ ਹੋਵੇ”। ਕਲਕੱਤਾ ਦੇ ਕਤਲ ਤੋਂ ਬਾਅਦ ਇਸ ਪੂਰੇ ਮਾਮਲੇ ਵਿੱਚ ਬਰਨਾਲਾ ਦੇ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ‘ਤੇ ਵੀ ਸਵਾਲ ਉੱਠ ਰਹੇ ਹਨ ਜਿਸ ਨੇ ਕਤਲ ਵਾਲੇ ਦਿਨ ਪਰਿਵਾਰ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ। ਸੂਤਰਾਂ ਅਨੁਸਾਰ ਕਿਸੇ ਪੁਲਿਸ ਅਧਿਕਾਰੀ ਨੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਆਪਣੇ ਬਿਆਨਾਂ ਵਿੱਚ ਵਿਧਾਇਕਾਂ ਦਾ ਨਾਮ ਨਹੀਂ ਲਿਖਵਾਉਣਾ, ਨਹੀਂ ਤਾਂ ਤੁਹਾਡਾ ਕੇਸ ਕਮਜ਼ੋਰ ਹੋ ਜਾਵੇਗਾ। ਬੀਤੇ ਕੱਲ੍ਹ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਵੱਲੋਂ ਐਕਸ਼ਨ ਕਮੇਟੀ ਦੀ ਸਟੇਜ ‘ਤੇ ਇਹ ਕਹਿਣਾ ਕਿ “ਇਸ ਮਾਮਲੇ ‘ਚ ਵਿਧਾਇਕ ਤੋਂ ਬਿਨਾਂ ਪੁਲਿਸ ਦੇ ਵੱਡੇ ਅਫ਼ਸਰ ਵੀ ਫਸਣਗੇ”.. ਇਹ ਸੰਕੇਤ ਦਿੰਦਾ ਹੈ ਕਿ ਹਲਕਾ ਵਿਧਾਇਕ ਤੋਂ ਬਿਨਾਂ ਇਹ ਮਾਮਲਾ ਕੁਝ ਪੁਲਿਸ ਅਧਿਕਾਰੀਆਂ ਦੇ ਗਲੇ ਦੀ ਹੱਡੀ ਵੀ ਬਣ ਸਕਦਾ ਹੈ।

ਇਹ ਮਾਮਲਾ ਹੁਣ ਰਣਨੀਤਿਕ ਲੜਾਈ ਦਾ ਬਣਦਾ ਜਾ ਰਿਹਾ ਹੈ ਕਿਉਂਕਿ ਮਨਜੀਤ ਸਿੰਘ ਧਨੇਰ ਸਮੇਤ ਵੱਡੇ ਕਿਸਾਨ ਅਤੇ ਇਨਸਾਫਪਸੰਦ ਜਥੇਬੰਦੀਆਂ ਦੇ ਆਗੂਆਂ ਨੇ ਐਕਸਨ ਕਮੇਟੀ ਨੂੰ ਰਾਜਨੀਤੀ ਤੋਂ ਦੂਰ ਅਤੇ ਰਣਨੀਤੀ ਦੇ ਨੇੜੇ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਮਾਵਲੇ ‘ਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨਾਲ ਜੋੜਨ ਦੀ ਯੋਜਨਾ ਵੀ ਠੁੱਸ ਹੋ ਗਈ ਜਾਪਦੀ ਹੈ ਕਿਉਂਕਿ ਪਿੰਡ ਦੇ ਲੋਕ ਇਸ ਸਾਰੀ ਕਹਾਣੀ ਦੀ ਅਸਲ ਸੱਚਾਈ ਨੂੰ ਜਾਣਦੇ ਹਨ। ਬਹਰਹਾਲ ! ਜਿੱਥੇ ਇੱਕ ਪਾਸੇ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਲਕੱਤਾ ਦੀ ਮ੍ਰਿਤਕ ਦੇਹ ਦਾ ਸਸਕਾਰ ਹੋ ਜਾਵੇ ਉਥੇ ਪਰਿਵਾਰ ਅਤੇ ਐਕਸ਼ਨ ਕਮੇਟੀ ਸਮੇਤ ਲੋਕ ਇਸ ਗੱਲ ‘ਤੇ ਅੜੇ ਹੋਏ ਹਨ ਕਿ ਇਸ ਮਾਮਲੇ ਵਿੱਚ ਵਿਧਾਇਕ ਨੂੰ ਨਾਮਜ਼ਦ ਕੀਤਾ ਜਾਵੇ।










