ਬਰਨਾਲਾ ,11 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ‘ਚ ਅੱਜ ਇੱਕ ਸਿਆਸੀ ਘਟਨਾਕ੍ਰਮ ਹੋਣ ਜਾ ਰਿਹਾ ਹੈ ਜਿਸ ਨਾਲ ਯਕੀਨਨ ਸੱਤਾਧਾਰੀ ਪਾਰਟੀ ਨੂੰ ਝਟਕਾ ਲੱਗੇਗਾ। ਅੱਜ ਨਗਰ ਕੌਂਸਲ ਧਨੌਲਾ ਦਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਆਪਣੇ ਸਾਥੀਆਂ ਸਮੇਤ ‘ਆਪ’ ਦਾ ਝਾੜੂ ਸੁੱਟ ਕੇ ਕਾਂਗਰਸ ਦਾ ਹੱਥ ਫੜੇਗਾ। ਕੌਂਸਲਰ ਮੁੰਦਰੀ ਨੂੰ ਪਾਰਟੀ ‘ਚ ਸ਼ਾਮਿਲ ਕਰ ਲਈ ਉਚੇਚੇ ਤੌਰ ‘ਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਧਨੌਲਾ ਵਿਖੇ ਉਸਦੀ ਰਿਹਾਇਸ਼ ‘ਤੇ ਪੁੱਜ ਰਹੇ ਹਨ। ਬਰਨਾਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਇਹ “ਆਪ” ਦੇ ਘਰ ਵਿੱਚ ਮਹੱਤਵਪੂਰਨ ਸੰਨ੍ਹ ਮੰਨੀ ਜਾ ਰਹੀ ਹੈ ਜਿਸ ਦਾ ਧਨੌਲਾ ਦੇ ਖੇਤਰ ਵਿੱਚ ਯਕੀਨਨ ਕਾਂਗਰਸ ਨੂੰ ਸਿਆਸੀ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਧਨੌਲਾ ਨਗਰ ਕੌਸਲ ਦੇ ਪ੍ਰਧਾਨ ਦੀਆਂ ਆਪਹੁਦਰੀਆਂ ਤੋਂ ਤੰਗ ਕੌਂਸਲਰ ਮੁੰਦਰੀ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹੇ ਨਾਲ ਸਬੰਧਿਤ ਵੱਡੇ ਆਗੂਆਂ ਕੋਲ ਨਗਰ ਕੌਂਸਲ ਦੇ ਵਿਕਾਸ ਕਾਰਜਾਂ ‘ਚ ਆਪਣੇ ਆਪ ਨੂੰ ਅੱਖੋਂ ਪਰੋਖੇ ਕਰਨ ਅਤੇ ਪ੍ਰਧਾਨ ਦੀਆਂ ਨਾਕਾਮੀਆਂ ਦਾ ਮੁੱਦਾ ਚੁੱਕਦਾ ਆ ਰਿਹਾ ਪ੍ਰੰਤੂ ਆਪ ਦੇ ਸਥਾਨਕ ਆਗੂਆਂ ਨੇ ਉਸ ਨੂੰ ਅੱਖੋਂ ਪਰੋਖੇ ਕੀਤਾ।
ਭਾਵੇਂ ਕਿ ਮੁੰਦਰੀ ਦੀ ਕਾਂਗਰਸ ਵਿੱਚ ਸ਼ਮੂਲੀਅਤ ਸਬੰਧੀ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਨੇ ਬਰਨਾਲਾ ‘ਚ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਅਜਿਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਕਿ ਕੌਂਸਲਰ ਮੁੰਦਰੀ ਦੇ ਆਪ ਛੱਡਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪ੍ਰੰਤੂ ਜਿਸ ਵੇਲੇ ਮੀਤ ਹੇਅਰ ਨੇ ਮੁੰਦਰੀ ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਸੀ ਉਦੋਂ ਮੀਤ ਹੇਅਰ ਨੇ ਵੱਡਾ ਦਾਅਵਾ ਕੀਤਾ ਸੀ ਕਿ ਮੁੰਦਰੀ ਦੇ ਆਉਣ ਨਾਲ ਆਪ ਨੂੰ ਧਨੌਲਾ ‘ਚ ਵੱਡਾ ਸਿਆਸੀ ਫਾਇਦਾ ਹੋਵੇਗਾ, ਫਿਰ ਹੁਣ ਉਸਦੇ ਜਾਣ ਨਾਲ ਸਿਆਸੀ ਨੁਕਸਾਨ ਕਿਉਂ ਨਹੀਂ ਹੋਵੇਗਾ ? ਜੇਕਰ ਮੁੰਦਰੀ ਦਾ ਧਨੌਲਾ ਵਿੱਚ ਜਨ ਆਧਾਰ ਨਹੀ ਤਾਂ ਉਸਨੂੰ ਕੌਂਸਲ ਦੀ ਦੂਜੀ ਵੱਡੀ ਕੁਰਸੀ ‘ਤੇ ਕਿਉਂ ਬਿਠਾਇਆ ਗਿਆ ? ਇੱਥੇ ਇਹ ਵੀ ਦਿਲਚਸਪ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਥਾਨਕ ਐਸ ਡੀ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਦੀਆਂ ਸਭਿਆਚਾਰਕ ਵਨਗੀਆਂ ਦਾ ਆਨੰਦ ਮੰਨਣਗੇ ਉੱਥੇ ਦੂਜੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਧਨੌਲਾ ਵਿਖੇ “ਆਪ” ਦਾ ਝਾੜੂ ਢਿੱਲਾ ਕਰ ਰਹੇ ਹੋਣਗੇ।











