ਚੰਡੀਗੜ੍ਹ,11 ਅਕਤੂਬਰ, Gee98 news service-
-ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਕਹੇ ਜਾਣ ਵਾਲੇ ਸ਼ਹਿਰ ਸੰਗਰੂਰ ਵਿੱਚ 8 ਸੱਤਾਧਾਰੀ ਕੌਂਸਲਰਾਂ ਦੇ ਅਸਤੀਫ਼ੇ ਨੇ ਪਾਰਟੀ ‘ਚ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਜਿੱਥੇ ਇਹ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਹੈ ਉਥੇ ਦੂਜੇ ਪਾਸੇ ਇਸੇ ਜ਼ਿਲ੍ਹੇ ਨਾਲ “ਆਪ” ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਵੀ ਸਬੰਧਿਤ ਹਨ। ਇੱਕੋ ਸਮੇਂ ਅੱਠ ਕੌਂਸਲਰਾਂ ਦੇ ਅਸਤੀਫ਼ੇ ਦੀ ਇਹ ਘਟਨਾ ਆਮ ਆਦਮੀ ਪਾਰਟੀ ਨੂੰ ਆਤਮ ਚਿੰਤਨ ਵੱਲ ਮੋੜਦੀ ਹੈ ਕਿ ਜੇਕਰ ਮੁੱਖ ਮੰਤਰੀ, ਪਾਰਟੀ ਦੇ ਸੂਬਾ ਪ੍ਰਧਾਨ ਅਤੇ ਤਿੰਨ ਕੈਬਨਿਟ ਮੰਤਰੀਆਂ ਦੇ ਜ਼ਿਲ੍ਹੇ ‘ਚ ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਸਮੂਹਿਕ ਅਸਤੀਫ਼ਾ ਦਿੱਤਾ ਗਿਆ ਹੈ ਤਾਂ ਕਿਤੇ ਨਾ ਕਿਤੇ ਮਾਮਲਾ ਗੜਬੜ ਹੈ। ਅੱਠ ਕੌਂਸਲਰਾਂ ਦਾ ਇਹ ਅਸਤੀਫ਼ਾ ਨਾ ਸਿਰਫ਼ ਪਾਰਟੀ ਦੇ ਸਥਾਨਕ ਰਾਜਨੀਤਿਕ ਅਕਸ ਨੂੰ ਪ੍ਰਭਾਵਿਤ ਕਰੇਗਾ ਸਗੋਂ ਇਸ ਨਾਲ ਪਾਰਟੀ ਦੀ ਅੰਦਰੂਨੀ ਰਾਜਨੀਤੀ ‘ਤੇ ਵੀ ਪ੍ਰਭਾਵ ਪਵੇਗਾ। ਇਹ ਅਸਤੀਫ਼ਾ ਕਾਂਡ ਸੰਗਰੂਰ ਵਿੱਚ ਰਾਜਨੀਤਿਕ ਉਥਲ-ਪੁਥਲ ਪੈਦਾ ਕਰ ਸਕਦਾ ਹੈ।
ਸੂਤਰਾਂ ਅਨੁਸਾਰ ਇਹ ਕੌਂਸਲਰ ਨਗਰ ਕੌਂਸਲ ਦੇ ਕੰਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਵੱਧ ਦਖ਼ਲ ਅੰਦਾਜੀ ਤੋਂ ਵੀ ਔਖੇ ਸਨ। ਇਹਨਾਂ ਕੌਂਸਲਰਾਂ ਨੇ ਪਹਿਲਾਂ ਹੀ ਪਾਰਟੀ ਹਾਈ ਕਮਾਂਡ ਨੂੰ ਅਸਤੀਫ਼ੇ ਦੇਣ ਦੀ ਚੇਤਾਵਨੀ ਦਿੱਤੀ ਹੋਈ ਸੀ। ਸਵਾਲ ਇਹ ਵੀ ਉੱਠਦੇ ਹਨ ਕਿ ਇਹਨਾਂ ਨੂੰ ਕਿਸੇ ਨੇ ਰੋਕਣ ਦਾ ਯਤਨ ਹੀ ਨਹੀਂ ਕੀਤਾ ਜਾਂ ਫਿਰ ਇਹ ਕਿਸੇ ਦੇ ਰੋਕਿਆ ਨਹੀਂ ਰੁਕੇ। ਇਹਨਾਂ ਅੱਠ ਕੌਂਸਲਰਾਂ ਦੇ ਸਮੂਹਿਕ ਅਸਤੀਫ਼ੇ ਤੋਂ ਬਾਅਦ ਭਾਵੇਂ ਪਾਰਟੀ ਦੇ ਕੁਝ ਸਥਾਨਕ ਆਗੂਆਂ ਵੱਲੋਂ ਇਹ ਕਹਿ ਕੇ ਕਿ “ਪਾਰਟੀ ਦੇ ਅਕਸ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ” ਲਿੱਪਾ ਪੋਚੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਸੱਚਾਈ ਇਹੀ ਹੈ ਕਿ ਇੱਕੋ ਸਮੇਂ ਅੱਠ ਕੌਂਸਲਰਾਂ ਦੇ ਅਸਤੀਫ਼ੇ ਨੇ ਸੰਗਰੂਰ ‘ਚ ਆਪ ਦੀ ਹਾਈ ਕਮਾਂਡ ਨੂੰ ਚਿੰਤਾਜਨਕ ਸਥਿਤੀ ਵਿੱਚ ਪਾਇਆ ਹੈ ਇਸੇ ਕਰਕੇ ਕੋਈ ਵੱਡਾ ਛੋਟਾ ਆਗੂ ਇਸ ਮੁੱਦੇ ‘ਤੇ ਆਪਣਾ ਮੂੰਹ ਖੋਲਣ ਲਈ ਤਿਆਰ ਨਹੀਂ ਹੈ।










